ਤਾਜਾ ਖਬਰਾਂ
ਬਠਿੰਡਾ, 25 ਮਾਰਚ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਤੱਕ ਬੁਨਿਆਦੀ ਜਰੂਰਤ ਦੀਆਂ ਵਸਤਾਂ ਪੁੱਜਦੀਆਂ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਬੀਤੇ ਕੱਲ ਦੁੱਧ ਦੀ ਸਪਲਾਈ ਸ਼ੁਰੂ ਕਰਨ ਤੋਂ ਬਾਅਦ ਅੱਜ ਫਲਾਂ ਅਤੇ ਸਬਜੀਆਂ ਦੀ ਘਰੋ ਘਰੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲਈ ਮਾਰਕਿਟ ਕਮੇਟੀ ਬਠਿੰਡਾ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਜਦ ਕਿ ਬਾਕੀ ਸ਼ਹਿਰਾਂ ਵਿਚ ਵੀ ਅਜਿਹੇ ਹੀ ਪ੍ਰਬੰਧ ਕਰਨ ਲਈ ਸਥਾਨਕ ਮਾਰਕਿਟ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਨੂੰ ਵੱਖ ਵੱਖ ਜੋਨਾਂ ਵਿਚ ਵੰਡ ਕੇ ਹਰੇਕ ਮੁੱਹਲੇ ਜਾਂ ਜੋਨ ਵਿਚ 2 ਤੋਂ 4 ਤੱਕ ਰੇਹੜੀਆਂ ਜਾਂ ਟਰਾਲੀਆਂ ਭੇਜੀਆਂ ਗਈਆਂ ਹਨ। ਜੋ ਕਿ ਘਰ ਗਲੀਆਂ ਵਿਚ ਘਰਾਂ ਦੇ ਅੱਗੇ ਜਾ ਕੇ ਲੋਕਾਂ ਨੂੰ ਫਲ ਸਬਜੀਆਂ ਮੁਹਈਆ ਕਰਵਾਉਣਗੇ। ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਦ ਰੇਹੜੀ ਜਾਂ ਟਰਾਲੀ ਤੁਹਾਡੇ ਮੁਹੱਲੇ ਗਲੀ ਵਿਚ ਆਵੇ ਤਾਂ ਰੇਹੜੀ ਟਰਾਲੀ ਕੋਲ ਭੀੜ ਨਾ ਕਰੋ ਅਤੇ ਆਪਣੇ ਘਰ ਦੇ ਦਰਵਾਜੇ ਤੇ ਹੀ ਉਡੀਕ ਕਰੋ ਅਤੇ ਜਦੋਂ ਰੇਹੜੀ ਟਰਾਲੀ ਤੁਹਾਡੇ ਘਰ ਦੇ ਸਾਹਮਣੇ ਆਵੇ ਤਾਂ ਕੇਵਲ ਇਕ ਵਿਅਕਤੀ ਘਰ ਤੋਂ ਬਾਹਰ ਆ ਕੇ ਜਰੂਰਤ ਅਨੁਸਾਰ ਸਬਜੀ ਦੀ ਖਰੀਦ ਕਰ ਲਵੇ। ਉਨਾਂ ਨੇ ਅਪੀਲ ਕੀਤੀ ਕਿ ਸਬਜੀ ਦੀ ਸਪਲਾਈ ਰੋਜਾਨਾ ਹੋਵੇਗੀ ਅਤੇ ਲੋਕ ਜਰੂਰਤ ਅਨੁਸਾਰ ਹੀ ਖਰੀਦ ਕਰਨ ਅਤੇ ਬੇਲੋੜਾ ਭੰਡਾਰ ਨਾ ਕਰਨ।
ਜ਼ਿਲਾ ਮੰਡੀ ਅਫ਼ਸਰ ਪ੍ਰੀਤ ਕੰਵਰ ਸਿੰਘ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ 250 ਤੋਂ ਜਿਆਦਾ ਟਰਾਲੀਆਂ ਅਤੇ ਰੇਹੜੀਆਂ ਦੀ ਡਿਊਟੀ ਸਬਜੀ ਪਹੁੰਚਾਉਣ ਲਈ ਲਗਾਈ ਗਈ ਹੈ ਜਦ ਕਿ ਇੰਨਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ। ਉਨਾਂ ਨੇ ਦੱਸਿਆ ਕਿ ਬਾਕੀ ਸ਼ਹਿਰਾਂ ਵਿਚ ਵੀ ਵਿਵਸਥਾ ਕੀਤੀ ਜਾ ਰਹੀ ਹੈ।
ਬਾਕਸ ਲਈ ਪ੍ਰਸਤਾਵਿਤ
ਆਰਓ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ
ਓਧਰ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਵਿਚ ਪੀਣ ਦੇ ਪਾਣੀ ਦੀ ਸਪਲਾਈ ਲਈ ਸਥਾਪਿਤ ਕੀਤੇ ਆਰਓ ਪਲਾਂਟ ਹਰ ਰੋਜ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿਣਗੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਰਓ ਤੇ ਭੀੜ ਨਾ ਕਰਨ ਅਤੇ ਜੇਕਰ ਉਡੀਕ ਕਰਨੀ ਹੋਵੇ ਤਾਂ ਲਾਈਨ ਵਿਚ ਇਕਦੂਜੇ ਤੋਂ ਘੱਟੋ ਘੱਟ 2 ਮੀਟਰ ਦੂਰ ਖੜੇ ਹੋਵੋ। ਇਸ ਤੋਂ ਬਿਨਾਂ ਵਾਟਰ ਵਰਕਸਾਂ ਤੋਂ ਪਾਣੀ ਦੀ ਨਿਯਮਤ ਸਪਲਾਈ ਵੀ ਹੋਵੇਗੀ।
Get all latest content delivered to your email a few times a month.