2023-09-22 16:22:16 ( ਖ਼ਬਰ ਵਾਲੇ ਬਿਊਰੋ )
ਏਸ਼ੀਆਈ ਖੇਡਾਂ 'ਚ ਭਾਰਤੀ ਖਿਡਾਰੀਆਂ ਨੂੰ ਐਂਟਰੀ ਨਾ ਦੇਣ ਦੇ ਚੀਨ ਦੇ ਕਦਮ 'ਤੇ ਭਾਰਤ ਨੇ ਸਖ਼ਤ ਵਿਰੋਧ ਜਤਾਇਆ ਹੈ। ਹਾਲ ਹੀ ਵਿੱਚ, ਚੀਨ ਨੇ ਹਾਂਗਜ਼ੂ ਵਿੱਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਲਈ ਅਰੁਣਾਚਲ ਪ੍ਰਦੇਸ਼ ਦੇ ਭਾਰਤੀ ਖਿਡਾਰੀਆਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਨੇ ਇਸ 'ਤੇ ਸਖ਼ਤ ਵਿਰੋਧ ਜਤਾਇਆ ਹੈ। ਭਾਰਤ ਨੇ ਨਵੀਂ ਦਿੱਲੀ ਅਤੇ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਰਾਹੀਂ ਵਿਰੋਧ ਦਰਜ ਕਰਵਾਇਆ ਹੈ।
ਇਸ ਦੇ ਨਾਲ ਹੀ ਮੰਤਰੀ ਅਨੁਰਾਗ ਠਾਕੁਰ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਹੋਣ ਦੇ ਲਈ ਆਪਣਾ ਚੀਨ ਦਾ ਦੌਰਾ ਰੱਦ ਕਰ ਦਿੱਤਾ ਹੈ।ਦਰਅਸਲ, ਅਰੁਣਾਚਲ ਦੇ ਤਿੰਨ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਹੋਣ ਦੇ ਲਈ ਚੀਨ ਨੇ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਚੀਨ ਅਰੁਣਚਾਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸਦਾ ਹੈ ਤੇ ਉੱਥੋਂ ਦੇ ਨਾਗਰਿਕਾਂ ਨੂੰ ਭਾਰਤੀ ਕਹੇ ਜਾਣ ਉੱਤੇ ਇਤਰਾਜ਼ ਜ਼ਾਹਰ ਕਰਦਾ ਹੈ। ਇਸ ਤੋਂ ਪਹਿਲਾਂ ਵੀ ਜੁਲਾਈ ਵਿੱਚ ਅਰੁਣਾਚਲ ਦੇ ਖਿਡਾਰੀਆਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਉੱਤੇ ਭਾਰਤ ਨੇ ਤਿੱਖਾ ਵਿਰੋਧ ਜਤਾਇਆ ਸੀ। ਇਹ ਦੂਜੀ ਵਾਰ ਹੈ ਜਦੋਂ ਚੀਨ ਨੇ ਖਿਡਾਰੀਆਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਾਗਚੀ ਨੇ ਦੱਸਿਆ ਕਿ ਚੀਨ ਹਮੇਸ਼ਾ ਹੀ ਇਸ ਤਰ੍ਹਾਂ ਜਾਤੀਵਾਦ ਦੇ ਆਧਾਰ ਉੱਤੇ ਭਾਰਤੀ ਨਾਗਰਿਕਾਂ ਦੇ ਨਾਲ ਭੇਦਭਾਵ ਕਰਦਾ ਆ ਰਿਹਾ ਹੈ, ਭਾਰਤ ਇਸ ਨੂੰ ਪੂਰੀ ਤਰ੍ਹਾਂ ਨਾਲ ਅਸਿਵਕਾਰ ਕਰਦਾ ਹੈ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ ਤੇ ਰਹੇਗਾ। ਬਾਗਚੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਭਾਰਤੀ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ ਵਿੱਚ ਐਂਟਰੀ ਨਹੀਂ ਦੇਣ ਦੀ ਚੀਨ ਦੀ ਇਹ ਕਾਰਵਾਈ ਏਸ਼ੀਆਈ ਖੇਡਾਂ ਦੀ ਭਾਵਨਾ ਤੇ ਉਸ ਵਿੱਚ ਸ਼ਾਮਲ ਹੋਣ ਵਾਲੇ ਨਿਯਮਾਂ ਨੂੰ ਉਲੰਘਣ ਹੈ।
ਇਸ ਮਾਮਲੇ ਉੱਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਏਸ਼ੀਆਈ ਖੇਡਾਂ ਲਈ ਆਪਣੇ ਦੌਰੇ ਨੂੰ ਰੱਦ ਕਰ ਦਿੱਤਾ ਹੈ। ਬਾਗਚੀ ਨੇ ਕਿਹਾ ਕਿ ਏਸ਼ੀਆਈ ਖੇਡਾਂ ਵਿੱਚ ਮਹਿਮਾਨ ਦੇ ਤੌਰ ਉੱਤੇ ਅਨੁਰਾਗ ਠਾਕੁਰ ਨੇ ਸ਼ਾਮਲ ਹੋਣਾ ਸੀ ਪਰ ਚੀਨ ਦੇ ਇਸ ਕਦਮ ਦੇ ਬਾਅਦ ਉਨ੍ਹਾਂ ਨੇ ਤਿੱਖਾ ਵਿਰੋਧ ਜਤਾਉਣ ਲਈ ਆਪਣਾ ਦੌਰਾ ਰੱਦ ਕਰ ਦਿੱਤਾ ਹੈ।