2023-09-17 13:18:42 ( ਖ਼ਬਰ ਵਾਲੇ ਬਿਊਰੋ )
ਏਸ਼ੀਆ ਕੱਪ-2023 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਕੋਲੰਬੋ ਵਿੱਚ ਅੱਜ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਹੈ।
ਜੇਕਰ ਅੱਜ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ, ਤਾਂ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਇੱਕ ਰਿਜ਼ਰਵ ਦਿਨ (ਸੋਮਵਾਰ, 18 ਸਤੰਬਰ) ਰੱਖਿਆ ਹੈ। ਜੇਕਰ ਰਿਜ਼ਰਵ ਦਿਨ 'ਤੇ ਵੀ ਮੀਂਹ ਪੈਂਦਾ ਹੈ, ਤਾਂ ਭਾਰਤ ਅਤੇ ਸ਼੍ਰੀਲੰਕਾ ਦੋਵਾਂ ਨੂੰ ਸਾਂਝੇ ਜੇਤੂ ਐਲਾਨਿਆ ਜਾਵੇਗਾ।
ਇੱਥੇ ਭਾਰਤ ਕੋਲ ਆਪਣੇ 5 ਸਾਲ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦਾ ਮੌਕਾ ਹੋਵੇਗਾ, ਜਦਕਿ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗਾ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ ਦੇ ਫਾਈਨਲ 'ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਖੇਡੇ ਗਏ 7 ਫਾਈਨਲ 'ਚੋਂ ਭਾਰਤ ਨੇ 4 'ਚ ਜਿੱਤ ਦਰਜ ਕੀਤੀ, ਜਦਕਿ ਸ਼੍ਰੀਲੰਕਾ ਨੂੰ 3 'ਚ ਸਫਲਤਾ ਮਿਲੀ।