2023-09-15 15:24:06 ( ਖ਼ਬਰ ਵਾਲੇ ਬਿਊਰੋ )
ਜਲੰਧਰ: ਇੰਜੀਨੀਅਰ ਦਿਵਸ ਦੇ ਮੌਕੇ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇਕ ਰੌਬਿਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇੰਜੀਨੀਅਰ ਦਿਵਸ ਹਰ ਸਾਲ 15 ਸਤੰਬਰ ਨੂੰ ਭਾਰਤ ਰਤਨ ਸਰ ਮੌਕਸ਼ਗੰਡਮ ਵੈਸ਼ਵਰੀਆ ਦੇ ਜਨਮ ਦਿਹਾੜੇ ਤੇ ਮਨਾਇਆ ਜਾਂਦਾ ਹੈ। ਇਸ ਮੌਕੇ 200 ਦੇ ਕਰੀਬ ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਰੌਬਿਟ ਦੇ ਡਿਜ਼ਾਇਨ ਤਿਆਰ ਕਰਨ ਅਤੇ ਸੰਚਾਲਿਤ ਕਰਨ ਹੁਨਰ, ਰਚਨਾਤਿਮਕਤਾ ਅਤੇ ਇਕੱਠੇ ਹੋਕੇ ਕੰਮ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਾ ਸੀ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਅਸੀਂ ਇਕ ਅਜਿਹੇ ਯੁੱਗ ਵਿਚ ਰਹਿ ਰਹੇ ਹਾਂ ਜਿੱਥੇ ਰੌਬਿਟ ਅਤੇ ਆਰਟੀਫ਼ੀਸ਼ੀਅਲ ਇੰਟੈਂਲੀਜੈਂਸੀ ਨੇ ਨਾ ਸਿਰਫ਼ ਉਦਯੋਗ ਤੇ ਅਰਥਚਾਰੇ ਨੂੰ ਨਵਾਂ ਰੂਪ ਦਿੱਤਾ ਹੈ ਸਗੋਂ ਇਸ ਦੇ ਨਾਲ ਸਾਡੀ ਜ਼ਿੰਦਗੀ ਨੂੰ ਜਿਉਣ ਦੇ ਢੰਗ ਤਰੀਕੇ ਵੀ ਬਦਲ ਚੁੱਕੇ ਹਨ। ਅੱਜ ਰੌਬੋਟ ਵੱਡੇ—ਵੱਡੇ ਓਪ੍ਰੇਸ਼ਨਾਂ ਵਿਚ ਡਾਕਟਰਾਂ ਦੇ ਸਹਾਇਕ ਵਜੋਂ ਕੰਮ ਕਰਦਾ ਹਨ ਅਤੇ ਇਸ ਤੋਂ ਵੀ ਅੱਗੇ ਸਮਾਰਟ ਘਰਾਂ ਅਤੇ ਸਵੈ—ਸੰਚਲਿਤ ਕਾਰਾਂ ਨੇ ਸਾਡੀ ਜ਼ਿੰਦਗੀ ਨੂੰ ਹੋਰ ਅੱਗੇ ਵਧਾਇਆ ਹੈ। ਇਹਨਾਂ ਸੰਭਾਵਨਾਵਾਂ ਦੀ ਕੋਈ ਹੱਦ ਨਹੀਂ ਹੈ। ਉਨ੍ਹਾਂ ਅੱਗੋਂ ਕਿਹਾ ਕਿ ਜਿਵੇਂ—ਜਿਵੇਂ ਅਸੀਂ ਰੌਬਟਿਕ ਦੇ ਖੇਤਰ ਵਿਚ ਅੱਗੇ ਵੱਧਦੇ ਜਾ ਰਹੇ ਹਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਮਾਗ ਵਿਚ ਨੈਤਿਕ ਵਿਚਾਰਾਂ ਤੇ ਕਦਰਾਂ—ਕੀਮਤਾਂ ਨੂੰ ਅੱਗੇ ਰੱਖਈਏ। ਇੱਥੇ ਇਹ ਯਕੀਨੀ ਬਣਾਇਆ ਬਹੁਤ ਜ਼ਰੂਰੀ ਹੈ ਕਿ ਤਕਨਾਲੌਜੀ ਦੀ ਵਰਤੋਂ ਮਨੁੱਖਤਾ ਦੀ ਬੇਹਤਰੀ ਤੇ ਧਰਤੀ ਦੇ ਰੱਖ—ਰਖਾਵ ਲਈ ਕੀਤੀ ਜਾਵੇ।
ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਸਹਾਇਕ ਪ੍ਰੋਫ਼ੈਸਰ ਡਾ.ਅਫ਼ਜ਼ਲ ਸਿਕੰਦਰ ਨੇ ਵੱਖ—ਵੱਖ ਮੁਕਾਬਲਿਆਂ ਦੌਰਾਨ ਰੌਬਿਟ ਦੀ ਕਾਰਗੁਜਾਰੀ ਦਾ ਮੁਲਾਂਕਣ ਕੀਤਾ ਅਤੇ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਨੌਜਵਾਨ ਇੰਜੀਨੀਅਰਾਂ ਨੂੰ ਉਸਾਰੂ ਸੁਝਾਅ ਦਿੱਤੇ। ਇਸ ਚੈਂਪੀਅਨਸ਼ਿਪ ਨੇ ਜਿੱਥੇ ਵਿਦਿਆਰਥੀਆਂ ਨੂੰ ਸਿੱਖਿਆਦਾਇਕ ਪਹਿਲੂਆਂ ਨਾਲ ਜੋੜਿਆ ਉੱਥੇ ਹੀ ਮਾਹਿਰਾ ਤੋਂ ਰੌਬਿਟ ਬਣਾਉਣ ਦੇ ਗੁਰ ਸਿੱਖਣ ਦਾ ਮੌਕਾ ਵੀ ਪ੍ਰਦਾਨ ਕੀਤਾ। ਇਹਨਾਂ ਮੁਕਾਬਿਲਆਂ ਦੇ ਜੇਤੂ ਇਸ ਪ੍ਰਕਾਰ ਰਹੇ। ਜੀ.ਐਨ.ਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਟੀਮ ਨੇ ਪਹਿਲਾ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਟੀਮ ਨੇ ਦੂਜਾ ਤੇ ਤੀਜਾ ਇਨਾਮ ਜਿੱਤਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਨਕਦੀ ਇਨਾਮਾਂ ਨਾਲ ਸਨਮਾਨਤ ਕੀਤਾ।