2023-09-14 12:57:28 ( ਖ਼ਬਰ ਵਾਲੇ ਬਿਊਰੋ )
ਮੇਟਾ (Meta) ਦੁਆਰਾ ਭਾਰਤ ਸਮੇਤ 150 ਤੋਂ ਵੱਧ ਦੇਸ਼ਾਂ ਵਿੱਚ ਵ੍ਹਟਸਐਪ ਚੈਨਲ (WhatsApp channel) ਨੂੰ ਲਾਂਚ ਕਰ ਦਿੱਤਾ ਗਿਆ ਹੈ। ਭਾਰਤ 'ਚ ਇਸ ਲਾਂਚ ਦੌਰਾਨ ਭਾਰਤੀ ਕ੍ਰਿਕਟ ਟੀਮ (Team India), ਕੈਟਰੀਨਾ ਕੈਫ, ਦਲਜੀਤ ਦੋਸਾਂਝ, ਅਕਸ਼ੈ ਕੁਮਾਰ, ਵਿਜੇ ਦੇਵਰਕੋਂਡਾ, ਨੇਹਾ ਕੱਕੜ ਅਤੇ ਹੋਰ ਮਸ਼ਹੂਰ ਸੰਸਥਾਵਾਂ ਤੇ ਵਿਅਕਤੀਆਂ ਦੇ ਚੈਨਲਾਂ ਨੂੰ ਲਾਂਚ ਕੀਤਾ ਗਿਆ ਹੈ।
ਵ੍ਹਟਸਐਪ ਚੈਨਲ ਦੀ ਸ਼ੁਰੂਆਤ ਤੋਂ ਬਾਅਦ ਬੀਸੀਸੀਆਈ ਨੇ ਕਿਹਾ, "ਭਾਰਤੀ ਕ੍ਰਿਕਟ ਟੀਮ ਚੈਨਲਾਂ ਦੀ ਲਾਂਚਿੰਗ 'ਤੇ ਵ੍ਹਟਸਐਪ ਨਾਲ ਸਾਂਝੇਦਾਰੀ ਲਈ ਬਹੁਤ ਖੁਸ਼ ਹੈ। ਅਸੀਂ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਨਾਲ ਵ੍ਹਟਸਐਪ ਨਾਲ ਸਾਡੀ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ ਹੈ, ਜੋ ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਅਸੀਂ ਉਤਸ਼ਾਹ ਤੇ ਸਮਰਥਨ ਲਈ ਚੈਨਲਾਂ ਦਾ ਲਾਭ ਉਠਾਵਾਂਗੇ ਕਿਉਂਕਿ ਭਾਰਤ ਇਕ ਦਹਾਕੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਮਹੱਤਵਪੂਰਨ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਵ੍ਹਟਸਐਪ ਚੈਨਲਾਂ ਨਾਲ, ਪ੍ਰਸ਼ੰਸਕਾਂ ਨੂੰ ਮੈਚ ਦੀ ਮਿਤੀ, ਸਮਾਂ, ਸਕੋਰਕਾਰਡ ਅਤੇ ਹੋਰ ਸਮੇਤ ਮਹੱਤਵਪੂਰਨ ਅਤੇ ਸਹੀ ਜਾਣਕਾਰੀ ਮਿਲੇਗੀ।'