2023-08-24 13:35:40 ( ਖ਼ਬਰ ਵਾਲੇ ਬਿਊਰੋ )
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੈਰ ਸਪਾਟਾ ਮੰਤਰੀ ਪੰਜਾਬ, ਅਨਮੋਲ ਗਗਨ ਮਾਨ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਵਿੱਚ 11 ਤੋਂ 13 ਸਤੰਬਰ ਦੌਰਾਨ ਇੰਡੀਅਨ ਸਕੂਲ ਔਫ ਬਿਜ਼ਨਸ ਵਿੱਚ ਕਰਵਾਏ ਜਾ ਰਹੇ ਸੈਰ ਸਪਾਟਾ ਸਮਿੱਟ ਨੂੰ ਚੱਪੜ ਚਿੜੀ ਵਿਚ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਸਬੰਧਤ ਫਤਹਿ ਮੀਨਾਰ ਵਿਖੇ ਕਰਵਾਇਆ ਜਾਵੇ।
ਇਸ ਮਾਮਲੇ ਵਿੱਚ ਪੰਜਾਬ ਦੇ ਸੈਰ ਸਪਾਟਾ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਬਿਲਕੁਲ ਨੇੜੇ ਸਥਿਤ ਇਹ ਯਾਦਗਾਰ ਖਾਲਸਾ ਰਾਜ ਦਾ ਮੁੱਢ ਬੰਨ੍ਹੇ ਜਾਣ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਇੱਥੇ ਸੈਰ ਸਪਾਟਾ ਸਮਿੱਟ ਕਰਵਾਏ ਜਾਣ ਨਾਲ ਨਾ ਸਿਰਫ ਪੰਜਾਬ ਵਿੱਚ ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ ਸਗੋਂ ਵੱਡੇ ਪੱਧਰ ਤੇ ਲੋਕਾਂ ਅਤੇ ਨਵੀਂ ਪਨੀਰੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਖਾਲਸਾ ਰਾਜ ਬਾਰੇ ਜਾਣੂ ਕਰਵਾਇਆ ਜਾ ਸਕੇਗਾ।
ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੰਤਰੀ ਤੋਂ ਇਹ ਵੀ ਮੰਗ ਕੀਤੀ ਕਿ ਇਸ ਯਾਦਗਾਰ ਨੂੰ ਜਾਂਦੀ ਪਹੁੰਚ ਸੜਕ ਦੀ ਅਤਿਅੰਤ ਮਾੜੀ ਹਾਲਤ ਵਿਚ ਸੁਧਾਰ ਕੀਤਾ ਜਾਵੇ ਅਤੇ ਇਸ ਦੀ ਜਾਣਕਾਰੀ ਅਤੇ ਦਿਸ਼ਾ ਦੱਸਣ ਵਾਲੇ ਬੋਰਡ ਲਗਾਏ ਜਾਣ। ਇਸ ਦੇ ਨਾਲ ਲਾਂਡਰਾਂ ਵਾਲੇ ਪਾਸੇ ਤੋਂ ਇਸ ਯਾਦਗਾਰ ਦਾ ਪੁਖਤਾ ਪਹੁੰਚ ਮਾਰਗ ਬਣਾਇਆ ਜਾਵੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਇਸ ਯਾਦਗਾਰ ਵਿੱਚ ਲਾਈਟ ਐਂਡ ਸਾਊਂਡ ਸ਼ੋ ਕਰਵਾਏ ਜਾਣ ਅਤੇ ਇਸ ਦੇ ਨਾਲ ਨਾਲ ਫਤਿਹ ਮੀਨਾਰ ਦੀ ਲਿਫਟ ਲਗਵਾਈ ਜਾਵੇ। ਉਨ੍ਹਾਂ ਕਿਹਾ ਕਿ ਲਿਫਟ ਵਾਸਤੇ ਪ੍ਰੋਵੀਜ਼ਨ ਤਾਂ ਬਣਾਇਆ ਗਿਆ ਹੈ ਪਰ ਲਿਫਟ ਅੱਜ ਤੱਕ ਨਹੀਂ ਲੱਗੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਨੂੰ ਸਮਰਪਿਤ ਇਸ ਫਤਿਹ ਮੀਨਾਰ ਦੇ ਨੇੜੇ ਕਾਫ਼ੀ ਜਗਾ ਖਾਲੀ ਪਈ ਹੈ ਜਿਸ ਨੂੰ ਇੱਕ ਸ਼ਾਨਦਾਰ ਪਾਰਕ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਜੋ ਇਹ ਖੇਤਰ ਲੋਕਾਂ ਵਾਸਤੇ ਖਿੱਚ ਦਾ ਕੇਂਦਰ ਬਣੇ।
ਆਪਣੇ ਪੱਤਰ ਵਿੱਚ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਸੈਰ ਸਪਾਟਾ ਮੰਤਰੀ ਨੂੰ ਕਿਹਾ ਕਿ ਉਹ ਖੁਦ ਖਰੜ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ ਅਤੇ ਇਹ ਖੇਤਰ ਸੈਰ ਸਪਾਟਾ ਮੰਤਰੀ ਦੇ ਹਲਕੇ ਦੇ ਬਿਲਕੁਲ ਨਾਲ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸੈਰ ਸਪਾਟਾ ਮੰਤਰੀ ਇਸ ਯਾਦਗਾਰ ਨੂੰ ਜਾਂਦੀ ਸੜਕ ਵੱਲ ਧਿਆਨ ਦੇਣ ਅਤੇ ਪੰਜਾਬ ਦਾ ਸੈਰ ਸਪਾਟਾ ਸਮਿੱਟ ਇੱਥੇ ਹੀ ਕਰਵਾਇਆ ਜਾਵੇ।