2023-06-09 19:06:15 ( ਖ਼ਬਰ ਵਾਲੇ ਬਿਊਰੋ )
ਜਲੰਧਰ: ਸੀਨੀਅਰ ਪੁਲੀਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਰਾਈਮ ਬ੍ਰਾਂਚ ਜਲੰਧਰ ਦੇਹਟੀ ਦੀ ਪੁਲੀਸ ਟੀਮ ਨੇ ਇੱਕ ਨਸ਼ਾ ਤਸਕਰ ਨੂੰ 2 ਲੱਖ 25 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਐਸ.ਆਈ ਪੁਸ਼ਪਾ ਬਾਲੀ ਨੇ ਦੱਸਿਆ ਕਿ 9 ਜੂਨ ਨੂੰ ਏ.ਐਸ.ਆਈ ਬਲਵਿੰਦਰ ਸਿੰਘ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਕਰਦੇ ਹੋਏ ਮਕਸੂਦਾ ਤੋਂ ਨੰਦਨਪੁਰ, ਹੀਰਾਪੁਰ, ਹੇਲੜਾ ਆਦਿ ਵੱਲ ਜਾ ਰਹੇ ਸਨ। ਉਦੋਂ ਇੱਕ ਸੰਤਰੋ ਕਾਰ ਆਉਂਦੀ ਦਿਖਾਈ ਦਿੱਤੀ ਪਰ ਪੁਲਿਸ ਨੂੰ ਦੇਖ ਕੇ ਪਿੱਛੇ ਭੱਜਣ ਲੱਗੀ, ਜਿਸ ਨੂੰ ਏ.ਐਸ.ਆਈ ਬਲਵਿੰਦਰ ਸਿੰਘ ਨੇ ਸ਼ੱਕ ਦੇ ਮੱਦੇਨਜ਼ਰ ਰੋਕ ਕੇ ਗੱਡੀ ਦੀ ਤਲਾਸ਼ੀ ਲਈ। ਉਸ ਦੀ ਕਾਰ 'ਚੋਂ 2 ਵੱਖ-ਵੱਖ ਮਾਰਕਾ ਦੀਆਂ ਨਾਜਾਇਜ਼ ਸ਼ਰਾਬ ਦੀਆਂ 25 ਪੇਟੀਆਂ (02 ਲੱਖ 25 ਹਜ਼ਾਰ ਮਿਲੀਲੀਟਰ) ਬਰਾਮਦ ਹੋਈਆਂ। ਪੁੱਛਗਿੱਛ ਕਰਨ 'ਤੇ ਡਰਾਈਵਰ ਨੇ ਆਪਣਾ ਨਾਂ ਗਣੇਸ਼ ਕੁਮਾਰ ਉਰਫ ਬੰਟੀ ਪੁੱਤਰ ਕਸ਼ਮੀਰੀ ਲਾਲ ਵਾਸੀ ਮਕਾਨ ਨੰਬਰ ਬੀ1/454 ਗਲੀ ਨੰਬਰ 4 ਮੁਹੱਲਾ ਆਨੰਦ ਨਗਰ ਥਾਣਾ ਡਵੀਜ਼ਨ ਨੰਬਰ 01 ਜਲੰਧਰ ਦੱਸਿਆ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।