2023-06-09 17:37:43 ( ਖ਼ਬਰ ਵਾਲੇ ਬਿਊਰੋ )
ਪਾਇਲ ( ਰਵਿੰਦਰ ਸਿੰਘ ਢਿੱਲੋ)- ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸ਼੍ਰੋਮਣੀ ਸੰਤ ਖ਼ਾਲਸਾ ਦਲ ਦੇ ਜੱਥੇਦਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਦੀ ਦੇਖ ਰੇਖ ਹੇਠ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਸ਼੍ਰੀ ਆਕਾਲ ਤਖ਼ਤ ਸਾਹਿਬ ਜੀ ਦਾ ਸਥਾਪਨਾ ਦਿਵਸ ਖ਼ਾਲਸਾਈ ਪਰੰਪਰਾਵਾਂ ਅਨੁਸਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤਪੋੋਬਣ ਦੇ ਹਜ਼ੂਰੀ ਜੱਥੇ ਨੇ ਕੀਰਤਨ ਦੀ ਆਰੰਭਤਾ ਕੀਤੀ। ਸਮਾਗਮ ਦੌਰਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਨੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ਼੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਸੰਸਾਰ ਭਰ `ਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਮਹਾਂਪੁਰਸ਼ਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕੋਈ ਇਮਾਰਤ ਨਹੀਂ ਹੈ,ਇਹ ਸਿੱਖਾਂ ਦਾ ਸਿਧਾਂਤ ਹੈ ਅਤੇ ਸਿੱਖਾਂ ਦਾ ਸੰਕਲਪ ਹੈ ਜੋ ਬੜਾ ਉੱਚਾ ਤੇ ਸੁੱਚਾ ਸੰਕਲਪ ਹੈ। ਅੱਜ ਹਰ ਸਿੱਖ ਨੂੰ ਇਸ ਸੰਕਲਪ ਨੂੰ ਜਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਸੀਂ ਸਿੱਖ ਸੰਕਲਪ ਨੂੰ ਨਹੀਂ ਸਮਝਦੇ ਸਿੱਖ ਸਿਧਾਤਾਂ ਨੂੰ ਨਹੀਂ ਸਮਝਦੇ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਨੂੰ ਨਹੀਂ ਜਾਣਦੇ, ਅਸੀਂ ਸਿੱਖ ਧਰਮ ਨੂੰ ਸਮਝ ਨੀ ਸਕਦੇ।
ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦੀਪ ਸਿੰਘ ਦੱਸਿਆ ਕਿ ਜਿੱਥੇ ਤਪੋਬਣ ਢੱਕੀ ਸਾਹਿਬ ਵਿਖੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਸ਼੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਉੱਥੇ ਖ਼ਾਲਸੇ ਦੀਆ ਪ੍ਰੰਪਰਾਵਾਂ ਅਤੇ ਮੀਰੀ ਪੀਰੀ ਦੇ ਸਿਧਾਂਤਾਂ ਅਨੁਸਾਰ ਤੇ ਗੁਰੂ ਕੇ ਨਿਸ਼ਾਨਾਂ , ਧੌਂਸਿਆਂ ਨਗਾਰਿਆਂ ਦੀ ਤਾਬਿਆ ਹੇਠ ਅਤੇ ਸ਼੍ਰੋਮਣੀ ਸੰਤ ਖ਼ਾਲਸਾ ਦਲ ਦੇ ਜਥੇਦਾਰ ਸੰਤ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਘੋੜ ਦੌੜਾਂ ਕਰਵਾਈਆਂ ਗਈਆਂ। ਜਿਸ ਵਿਚ ਸ਼ਸਤਰਧਾਰੀ ਅਕਾਲ ਫੌਜਾਂ ਨੇ ਸਿੱਖ ਰਵਾਇਤੀ ਬਾਣਿਆਂ, ਸ਼ਸਤਰਾਂ, ਬਹੁਮੁੱਲੇ ਦੁਸਾਲਿਆਂ ਨਾਲ ਸ਼ਿੰਗਾਰੇ ਹਾਥੀ, ਘੋੜੇ ਘੋੜੀਆਂ, ਊਠਾਂ , ਰੱਥਾਂ, ਬੱਘੀਆਂ ਅਤੇ ਪੁਰਾਤਨ ਗੱਡਿਆਂ ਤੇ ਸਵਾਰ ਹੋ ਕੇ ਸ਼ਮੂਲੀਅਤ ਕੀਤੀ । ਤਪੋੋਬਣ ਦੇ ਪੁਰਾਤਨ ਜੰਗਲ਼ ਵਿੱਚ ਤਿਆਰ ਬਰ ਤਿਆਰ ਸਿੰਘਾਂ ਨੇ ਘੋੜ ਦੋੜਾਂ ਅਤੇ ਜੰਗਜੂ ਗੱਤਕੇ ਦੇ ਜੌਹਰ ਵਿਖਾਏ। ਮਹਾਂਪੁਰਸ਼ਾਂ ਵੱੱਲੋਂ ਇਸ ਸ਼ੁਭ ਦਿਹਾੜੇ ਤੇ ਆਈਆਂ ਸ਼ਸਤਰ ਅਭਿਆਸੀ ਖ਼ਾਲਸਾਈ ਭੁਝੰਗ ਫੌਜਾਂ ਤੋਂ ਇਲਾਵਾ ਸਤਿਕਾਰਤ ਸ਼ਖ਼ਸੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।