2023-06-09 14:07:38 ( ਖ਼ਬਰ ਵਾਲੇ ਬਿਊਰੋ )
ਮਹਾਰਾਸ਼ਟਰ ਵਿੱਚ ਐਨਸੀਪੀ ਮੁਖੀ ਸ਼ਰਦ ਪਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਦੀ ਧੀ ਅਤੇ ਐਨਸੀਪੀ ਸੰਸਦ ਸੁਪ੍ਰਿਆ ਸੁਲੇ ਦੇ ਵਟਸਐਪ ‘ਤੇ ਆਈ ਹੈ। ਸੁਪ੍ਰੀਆ ਸੁਲੇ ਨੇ ਇਸ ਮਾਮਲੇ ‘ਚ ਮੁੰਬਈ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਮੀਡੀਆ ਨਾਲ ਮੁਲਾਕਾਤ ਤੋਂ ਬਾਅਦ ਐਨਸੀਪੀ ਨੇਤਾ ਸੁਲੇ ਨੇ ਕਿਹਾ, “ਮੈਨੂੰ ਮੇਰੇ ਵਟਸਐਪ ‘ਤੇ ਸ਼ਰਦ ਪਵਾਰ ਦੇ ਨਾਮ ‘ਤੇ ਇੱਕ ਸੰਦੇਸ਼ ਮਿਲਿਆ ਹੈ। ਉਨ੍ਹਾਂ ਨੂੰ ਇੱਕ ਵੈਬਸਾਈਟ ਦੁਆਰਾ ਧਮਕੀ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਦੇ ਸੰਦੇਸ਼ ਸਬੰਧਤ ਖਾਤੇ ਤੋਂ ਵੀ ਆਏ ਹਨ। ਮੈਂ ਇੱਥੇ ਨਿਆਂ ਦੀ ਮੰਗ ਕਰਨ ਆਈ ਹਾਂ। ਮੈਂ ਕੇਂਦਰੀ ਗ੍ਰਹਿ ਮੰਤਰੀ ਅਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਤੋਂ ਮੰਗ ਕਰਦੀ ਹਾਂ ਕਿ ਇਹ ਗੰਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ।
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਰਦ ਪਵਾਰ ਨੂੰ ਮਿਲੀ ਧਮਕੀ ‘ਤੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ, “ਮਤਭੇਦ ਹਨ ਪਰ ਮਨਭੇਦ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਵਿਰੁੱਧ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਹੋਵੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।”