2023-06-09 11:34:22 ( ਖ਼ਬਰ ਵਾਲੇ ਬਿਊਰੋ )
ਭਾਰਤੀ ਰਿਜ਼ਰਵ ਬੈਂਕ ਨੇ ਅੱਜ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ 3 ਦਿਨਾਂ ਤੱਕ ਚੱਲੀ ਇਸ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।ਦਾਸ ਨੇ ਰੈਪੋ ਦਰ ਵਿੱਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕਰਦਿਆਂ ਮਹਿੰਗਾਈ, ਜੀਡੀਪੀ ਅਤੇ ਆਰਥਿਕਤਾ ਦੇ ਹੋਰ ਮਹੱਤਵਪੂਰਨ ਕਾਰਕਾਂ ਨੂੰ ਵੀ ਉਜਾਗਰ ਕੀਤਾ। ਆਰਬੀਆਈ ਗਵਰਨਰ ਨੇ ਦੇਸ਼ ਵਿੱਚ 2000 ਅਤੇ 500 ਰੁਪਏ ਦੇ ਨੋਟਾਂ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 1000 ਰੁਪਏ ਦੇ ਨੋਟ ਨੂੰ ਮੁੜ ਲਾਗੂ ਕਰਨ 'ਤੇ ਚੱਲ ਰਹੀ ਚਰਚਾ 'ਤੇ ਵੀ ਸਥਿਤੀ ਸਪੱਸ਼ਟ ਕੀਤੀ।
ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਹੁਣ ਤੱਕ 2000 ਰੁਪਏ ਦੇ ਨੋਟਾਂ ਵਿੱਚੋਂ ਅੱਧੇ ਬੈਂਕਾਂ ਵਿੱਚ ਵਾਪਸ ਆ ਚੁੱਕੇ ਹਨ। 2,000 ਰੁਪਏ ਦੇ ਨੋਟ 30 ਸਤੰਬਰ ਤੱਕ ਬੈਂਕਾਂ ਵਿੱਚ ਜਮ੍ਹਾ ਜਾਂ ਬਦਲੇ ਜਾ ਸਕਦੇ ਹਨ। ਸ਼ਕਤੀਕਾਂਤ ਦਾਸ ਨੇ ਸਪੱਸ਼ਟ ਕੀਤਾ ਕਿ ਕੇਂਦਰੀ ਬੈਂਕ ਦਾ 500 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ (500 note ban) ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਸਬੰਧੀ ਚੱਲ ਰਹੀਆਂ ਚਰਚਾਵਾਂ ਗੁੰਮਰਾਹਕੁੰਨ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਅਫਵਾਹਾਂ 'ਤੇ ਯਕੀਨ ਨਾ ਕਰਨ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਦੇਸ਼ ਵਿੱਚ 1000 ਰੁਪਏ ਦੇ ਨੋਟ ਨੂੰ ਮੁੜ ਲਾਗੂ ਕਰਨ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਦੀ 1000 ਰੁਪਏ ਦੇ ਨੋਟ ਛਾਪਣ ਦੀ ਕੋਈ ਯੋਜਨਾ ਨਹੀਂ ਹੈ। ਇਹ ਨੋਟ ਦੇਸ਼ 'ਚ ਫਿਰ ਤੋਂ ਸਰਕੂਲੇਸ਼ਨ 'ਚ ਨਹੀਂ ਆਵੇਗਾ। ਇਸ ਸਬੰਧੀ ਜੋ ਵੀ ਖ਼ਬਰਾਂ ਆ ਰਹੀਆਂ ਹਨ, ਉਹ ਸਿਰਫ਼ ਅਫ਼ਵਾਹਾਂ ਹਨ।ਆਰਬੀਆਈ ਨੇ ਚਾਲੂ ਵਿੱਤੀ ਵਰ੍ਹੇ ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਲਈ ਅਨੁਮਾਨ 6.5 ਫੀਸਦ ਬਰਕਰਾਰ ਰੱਖਿਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਘਰੇਲੂ ਮੰਗ ਦੇ ਹਾਲਾਤ ਸਕਾਰਾਤਮਕ ਬਣੇ ਹੋਏ ਹਨ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਨੇ ਅਪਰੈਲ ’ਚ 2023-24 ਲਈ ਜੀਡੀਪੀ ਦੇ ਵਿਕਾਸ ਦਾ ਅਨੁਮਾਨ 6.4 ਫੀਸਦ ਤੋਂ ਵਧਾ ਕੇ 6.5 ਫੀਸਦ ਕਰ ਦਿੱਤਾ ਸੀ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਘਰੇਲੂ ਮੰਗ ਦੀ ਸਥਿਤੀ ਵੀ ਵਿਕਾਸ ’ਚ ਸਹਾਇਕ ਬਣੀ ਹੋਈ ਹੈ ਅਤੇ ਪੇਂਡੂ ਖੇਤਰਾਂ ’ਚ ਮੰਗ ਲੀਹ ’ਤੇ ਆ ਰਹੀ ਹੈ। ਗਵਰਨਰ ਨੇ ਕਿਹਾ, ‘ਸਾਰੇ ਤੱਥਾਂ ਨੂੰ ਧਿਆਨ ’ਚ ਰਖਦਿਆਂ 2023-24 ਲਈ ਅਸਲ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ 6.5 ਫੀਸਦ ਰਹਿਣ ਦਾ ਅਨੁਮਾਨ ਹੈ। ਇਹ ਦਰ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਅੱਠ ਫੀਸਦ, ਦੂਜੀ ਤਿਮਾਹੀ ’ਚ 6.5 ਫੀਸਦ, ਤੀਜੀ ਤਿਮਾਹੀ ’ਚ ਛੇ ਫੀਸਦ ਤੇ ਚੌਥੀ ਤਿਮਾਹੀ ’ਚ 5.7 ਫੀਸਦ ਰਹਿਣ ਦਾ ਅਨੁਮਾਨ ਹੈ।’