2023-06-08 07:58:08 ( ਖ਼ਬਰ ਵਾਲੇ ਬਿਊਰੋ )
ਜ਼ਿੰਦਗੀ ਦੇ ਆਖ਼ਰੀ ਦਸ ਪੰਦਰਾਂ ਸਾਲ ਜਨਾਬ ਇੰਦਰਜੀਤ ਹਸਨਪੁਰੀ ਹਰ ਦੂਜੇ ਤੀਜੇ ਦਿਨ ਪੰਜਾਬ ਖੇਤੀ ਯੂਨੀਵਰਸਿਟੀ ਸਾਡੇ ਵਿਭਾਗ ਚ ਆਉਂਦੇ ਰਹੇ। ਪੁਰਦਮਨ ਸਿੰਘ ਬੇਦੀ ਸੰਪਾਦਕ ਮੀਰ ਵੀ ਲਗਾਤਾਰ ਆਉਂਦੇ। ਨਿੱਕੀਆਂ ਨਿੱਕੀਆਂ ਗੱਲਾਂ ਚੇਤੇ ਆ ਰਹੀਆਂ ਨੇ।
ਅੱਜ ਸੁਰਿੰਦਰ ਰਾਮਪੁਰੀ ਜੀ ਨਾਲ ਗੱਲਾਂ ਹੋਈਆਂ ਤਾਂ ਇੰਦਰਜੀਤ ਹਸਨਪੁਰੀ ਜੀ ਚੇਤੇ ਆ ਗਏ। ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਅਜਾਇਬ ਚਿਤਰਕਾਰ, ਸੱਜਣ ਗਰੇਵਾਲ ਤੇ ਸਰਬੰਸ ਦੀਆਂ ਗੱਲਾਂ ਹੋਈਆਂ।
2008 ਚ ਪੰਜਾਬੀ ਸਾਹਿੱਤ ਅਕਾਡਮੀ ਚੋਣਾਂ ਵਿੱਚ ਉਹ ਮੇਰੀ ਵੱਡੀ ਧਿਰ ਸਨ। ਸਰਦਾਰ ਪੰਛੀ ਵਾਂਗ। ਮੁਕਾਬਲਾ ਡਾਃ ਦਲੀਪ ਕੌਰ ਟਿਵਾਣਾ ਨਾਲ ਸੀ। ਥੋੜੇ ਫ਼ਰਕ ਨਾਲ ਮੈਂ ਭਾਵੇਂ ਹਾਰ ਗਿਆ ਪਰ ਖ਼ਰੇ ਖੋਟੇ ਦੀ ਪਛਾਣ ਜ਼ਰੂਰ ਹੋ ਗਈ।
ਚੰਗਾ ਹੀ ਹੋਇਆ ਮੈ ਹਾਰ ਗਿਆ, ਨਹੀਂ ਤਾਂ ਵੱਡੀ ਭੈਣ ਦੀ ਹਾਰ ਮੈਥੋਂ ਸਹੀ ਨਹੀਂ ਸੀ ਜਾਣੀ। ਹਸਨਪੁਰੀ ਜੀ ਤੇ ਮੈਂ ਆਪਣੇ ਸਾਥੀਆਂ ਸਮੇਤ ਨਤੀਜਾ ਨਿਕਲਣ ਸਾਰ ਭੈਣ ਜੀ ਟਿਵਾਣਾ ਨੂੰ ਸਭ ਤੋਂ ਪਹਿਲਾਂ ਫੁੱਲਾਂ ਵਾਲੇ ਹਾਰ ਪਾਏ।
ਹੁਣ ਗੱਲ ਕਰੀਏ ਇੰਦਰਜੀਤ ਹਸਨਪੁਰੀ ਜੀ ਦੇ ਜੀਵਨ ਤੇ ਸਿਰਜਣਾ ਬਾਰੇ।
ਇੰਦਰਜੀਤ ਹਸਨਪੁਰੀ 17ਜਨਵਰੀ 2009 ਨੂੰ ਮੇਰੇ ਪੁੱਤਰ ਪੁਨੀਤ ਦੇ ਵਿਆਹ ਤੇ ਭੰਗੜੇ ਪਾਉਂਦੇ ਰਹੇ। ਹਰਦੇਵ ਦਿਲਗੀਰ, ਸ਼ਮਸ਼ੇਰ ਸਿੰਘ ਸੰਧੂ, ਗਿੱਲ ਸੁਰਜੀਤ, ਪੰਮੀ ਬਾਈ, ਨਵਦੀਪ ਗਿੱਲ ਤੇ ਜਸਮੇਰ ਸਿੰਘ ਢੱਟ ਨਾਲ ਹਰਭਜਨ ਮਾਨ ਗਾ ਰਿਹਾ ਸੀ ਇਨ੍ਹਾਂ ਗੀਤਕਾਰਾਂ ਦੇ ਸਿਰਕੱਢ ਗੀਤ
ਗੜਵਾ ਲੈ ਦੇ ਚਾਂਦੀ ਦਾ
ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ
ਤੇਰੇ ਚੋਂ ਤੇਰਾ ਯਾਰ ਬੋਲਦਾ
ਕਈ ਕੁਝ ਹੋਰ।
ਮੇਲਾ ਹੀ ਸੀ ਇਹਨਾਂ ਹਸਤੀਆਂ ਸਦਕਾ। ਇੰਦਰਜੀਤ ਹਸਨਪੁਰੀ ਦੇ ਗੀਤ, ਫਿਲਮਾਂ ਤੇ ਵਾਰਤਕ ਲੇਖ ਅੱਜ ਵੀ ਚੇਤਿਆਂ ਚ ਚਮਕ ਰਹੇ ਨੇ।
ਹਸਨਪੁਰੀ ਬਾਰੇ ਸੁਰਿੰਦਰ ਰਾਮਪੁਰੀ ਨੇ ਦੋ ਤਿੰਨ ਦਹਾਕੇ ਪਹਿਲਾਂ ਇੱਕ ਕਿਤਾਬ ਵੀ ਸੰਪਾਦਿਤ ਕੀਤੀ ਸੀ। ਡਾਃ ਜਸਪਾਲ ਸਿੰਘ ਜੱਸੀ ਨੇ ਪਹਿਲਾਂ ਐੱਮ ਫਿੱਲ ਤੇ ਮਗਰੋਂ ਹਸਨਪੁਰੀ ਜੀ ਦੀ ਗੀਤਕਾਰੀ ਤੇ ਪੀ ਐੱਚ ਡੀ ਕੀਤੀ।
ਦਿਲ ਕੀਤਾ ਕਿ ਨਵੇਂ ਪਾਠਕਾਂ / ਲੇਖਕਾਂ ਨਾਲ ਹਸਨਪੁਰੀ ਜੀ ਨੂੰ ਮਿਲਾਵਾਂ।
ਇੰਦਰਜੀਤ ਹਸਨਪੁਰੀ ਦਾ ਜਨਮ 18 ਅਗਸਤ 1932 ਨੂੰ ਹੋਇਆ ਤੇ 8 ਅਕਤੂਬਰ 2009 ਚ ਸਦੀਵੀ ਅਲਵਿਦਾ ਕਹਿ ਗਏ।
ਇੰਦਰਜੀਤ ਹਸਨਪੁਰੀ ਦਾ ਜਨਮ ਮਾਤਾ ਭਗਵਾਨ ਕੌਰ, ਪਿਤਾ ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ, (ਪੰਜਾਬ) ਵਿੱਚ ਹੋਇਆ ਸੀ। ਉਨ੍ਹਾਂ ਦਾ ਜੱਦੀ ਪਿੰਡ ਹਸਨਪੁਰ, ਲੁਧਿਆਣਾ ਜ਼ਿਲ੍ਹਾ ਸੀ। ਉਹ ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਸਨ।
ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਤੇਰੀ ਮੇਰੀ ਇੱਕ ਜਿੰਦੜੀ, ਦਾਜ, ਸੁਖੀ ਪਰਿਵਾਰ ਅਤੇ ਟੈਲੀ ਫ਼ਿਲਮ ਸਾਡਾ ਪਿੰਡ ਵੀ ਬਣਾਈਆਂ ਸਨ।
ਉਨ੍ਹਾਂ ਦੀਆਂ ਰਚਨਾਵਾਂ ਹਨ:
ਔਸੀਆਂ (1959), ਸਮੇਂ ਦੀ ਆਵਾਜ਼ (1962), ਜ਼ਿੰਦਗੀ ਦੇ ਗੀਤ (1966), ਜੋਬਨ ਨਵਾਂ ਨਕੋਰ (1967), ਰੂਪ ਤੇਰਾ ਰੱਬ ਵਰਗਾ (1968), ਮੇਰੇ ਜਿਹੀ ਕੋਈ ਜੱਟੀ ਵੀ ਨਾ (1968)ਗੀਤ, ਮੇਰੇ ਮੀਤ (1973), ਕਿੱਥੇ ਗਏ ਉਹ ਦਿਨ ਓ ਅਸਲਮ ! (1986), ਰੰਗ ਖ਼ੁਸ਼ਬੂ ਰੋਸ਼ਨੀ (1998), ਕਿਰਤੀ ਕਿਰਤ ਕਰੇਂਦਿਆਂ ਅਤੇ ਮੋਤੀ ਪੰਜ ਦਰਿਆਵਾਂ ਦੇ ਕਮਾਲ ਦੀਆਂ ਰਚਨਾਵਾਂ ਹਨ।
ਉਨ੍ਹਾਂ ਦੀਆਂ ਦੋ ਕਵਿਤਾਵਾਂ ਪੇਸ਼ ਹਨ।
1.
ਤਾਂ ਵੀ ਭਾਰਤ ਦੇਸ਼ ਮਹਾਨ
ਇਕ ਭਗਵਾਨ ਦੇ ਲੱਖਾਂ ਘਰ ਨੇ
ਰਹੇ ਨਾ ਇਕ ਵਿੱਚ ਵੀ ਭਗਵਾਨ
ਇਕ ਵੀ ਘਰ ਨਾ ਜਿਹਨਾਂ ਕੋਲੇ਼
ਇਥੇ ਲੱਖਾਂ ਹੀ ਇਨਸਾਨ
ਤਾਂ ਵੀ ਭਾਰਤ ਦੇਸ਼ ਮਹਾਨ
ਕਾਣੀ ਵੰਡ ਕਿਓਂ ਇਥੇ ਮੈਨੂੰ
ਰੱਬ ਦੇ ਬੰਦੇ ਦੱਸ ਸਕਦੇ ਨੇ
ਇੱਕ ਇੱਕ ਰੱਬ ਦੇ ਘਰ ਦੇ ਅੰਦਰ
ਪਿੰਡਾਂ ਦੇ ਪਿੰਡ ਵੱਸ ਸਕਦੇ ਨੇ
ਸੋਚੋ ਸਮਝੋ ਅਤੇ ਵਿਚਾਰੋ
ਕੀ ਕਹਿੰਦਾ ਹੈ ਧਰਮ ਇਮਾਨ
ਰੱਬ ਦੇ ਬੰਦਿਓ ਜੋ ਰੁਲਦੇ ਨੇ
ਇਹ ਵੀ ਆਦਮ ਦੀ ਔਲਾਦ
ਕਾਣੀ ਵੰਡ ਨਾ ਰਹਿਣੀ ਜੱਗ ਤੇ
ਇਹ ਗੱਲ ਮੇਰੀ ਰੱਖਣਾ ਯਾਦ
ਉਪਰ ਥੱਲੇ ਹੋ ਕੇ ਰਹਿਣਾ
ਇੱਕ ਦਿਨ ਧਰਤੀ ਤੇ ਅਸਮਾਨ
ਜਿਸ ਨੂੰ ਲੋੜ ਨਹੀਂ ਉਸਨੂੰ ਤਾਂ
ਦਿੰਦੇ ਹੋ ਭਰ ਭਰ ਕੇ ਥਾਲ
ਲੋੜਵੰਦ ਨੂੰ ਧੱਕੇ ਮਾਰੋਂ
ਨਾਲੇ ਕੱਢੋਂ ਸੌ ਸੌ ਗਾਲ਼
‘ਹਸਨਪੁਰੀ’ ਦਿਲ ਪਿਆਰ ਤੋਂ ਖਾਲੀ
ਉਂਜ ਕਹਾਉਂਦੇ ਹੋ ਧਨਵਾਨ
2.
ਮੈਂ ਤਾਂ ਬੇਬੇ ਸਾਧ ਬਣੂੰਗਾ
ਨਾ ਬਣਨਾ ਪਟਵਾਰੀ, ਮੁਨਸ਼ੀ
ਨਾ ਚੁਕਣੀ ਨੇਤਾ ਦੀ ਝੋਲੀ
ਮੈਂ ਤਾਂ ਬੇਬੇ ਸਾਧ ਬਣੂੰਗਾ
ਪੜ੍ਹਨ ਪੁੜ੍ਹਨ ਦੇ ਮਾਰ ਤੂੰ ਗੋਲੀ
ਮੈਂ ਤਾਂ ਬੇਬੇ ਸਾਧ …….
ਪੜ੍ਹੇ ਲਿਖੇ ਨੇ ਧੱਕੇ ਖਾਂਦੇ
ਸਾਧ ਪਖੰਡੀ ਮੌਜ ਉੜਾਂਦੇ
ਸਾਧਾਂ ਦੇ ਡੇਰੇ ਵਿੱਚ ਰਹਿੰਦੀ
ਸਦਾ ਦੀਵਾਲੀ ਤੇ ਨਿੱਤ ਹੋਲੀ
ਮੈਂ ਤਾਂ ਬੇਬੇ ਸਾਧ …….
ਕੋਈ ਤਾਂ ਕਿੱਲਾ ਨਾਮ ਲਵਾਊ
ਕੋਈ ਸਰੀਆ, ਸੀਮੇਂਟ ਲਿਆਊ
ਮਹਿਲ ਜਿਹਾ ਬਣ ਜਾਊ ਡੇਰਾ
ਰਾਜ ਕਰੂ ਤੇਰਾ ਪੁੱਤ ‘ਘੋਲੀ’
ਮੈਂ ਤਾਂ ਬੇਬੇ ਸਾਧ ……..
ਪਾਊ ਚਿਲਕਣੇ ਕੱਪੜੇ ਸੋਹਣੇ
ਦੇਖੀਂ ਮੇਰੀ ਟੌਰ ਕੀ ਹੋਣੇ
ਅੱਗੇ ਪਿੱਛੇ ਫਿਰੂਗੀ ਮੇਰੇ
ਫਿਰ ਸੇਵਾਦਾਰਾਂ ਦੀ ਟੋਲੀ
ਮੈਂ ਤਾਂ ਬੇਬੇ ਸਾਧ……..
ਜੋ ਮਨ ਦੇ ਕਮਜ਼ੋਰ ਨੇ ਹੁੰਦੇ
ਬੇਈਮਾਨ ਜਾਂ ਚੋਰ ਨੇ ਹੁੰਦੇ
ਫੜ ਕੇ ਪੈਰ ਸਾਧ ਦੇ ਉਹੀ
ਜਾਂਦੇ ਸੋਨੇ ਦੇ ਵਿੱਚ ਤੋਲੀ
ਮੈਂ ਤਾਂ ਬੇਬੇ ਸਾਧ…….
ਬੁੱਧੂਆਂ ਦਾ ਨਾ ਏਥੇ ਘਾਟਾ
ਚਾਹੇ ਹੋਵੇ ਬਿਰਲਾ, ਟਾਟਾ
ਸਭ ਸਾਧਾਂ ਦੇ ਚਰਨ ਪਕੜ ਕੇ
ਮੰਗਦੇ ਨੇ ਅੱਡ-ਅੱਡ ਕੇ ਝੋਲੀ
ਮੈਂ ਤਾਂ ਬੇਬੇ ਸਾਧ………
ਜ਼ਰਾ ਪਖੰਡ ਕਰਨ ਦੇ ਮੈਨੂੰ
ਚਮਤਕਾਰ ਦਖਲਾਊਂ ਤੈਨੂੰ
ਡੱਕਾ ਤੋੜੇ ਬਿਨਾ ਹੀ ਦੇਖੀਂ
ਨੋਟਾਂ ਨਾਲ ਭਰੂਗੀ ਝੋਲੀ
ਮੈਂ ਤਾਂ ਬੇਬੇ ਸਾਧ……..
ਨੇਤਾ ਚਰਨਾ ਵਿੱਚ ਬ੍ਹੈਣਗੇ
ਆ ਕੇ ਅਸ਼ੀਰਵਾਦ ਲੈਣਗੇ
ਤੇਰੇ ਅਨਪੜ੍ਹੇ ਇਸ ਪੁੱਤ ਦੀ
ਸਿਆਸਤ ਵੀ ਬਣ ਜਾਊ ਗੋਲੀ
ਮੈਂ ਤਾਂ ਬੇਬੇ ਸਾਧ……..
ਦੇਖੀਂ ਕੈਸੀਆਂ ਖੇਡੂੰ ਖੇਡਾਂ
ਦੁਨੀਆ ਵਿੱਚ ਬਥੇਰੀਆਂ ਭੇਡਾਂ
ਪੜ੍ਹੇ ਲਿਖੇ ਵੀ ਚਾਰੂੰਗਾ ਮੈਂ
ਜਬ ਬੋਲੀ ਸਾਧਨ ਕੀ ਬੋਲੀ
ਮੈਂ ਤਾਂ ਬੇਬੇ ਸਾਧ………
ਏਥੇ ਭੋਲੇ ਲੋਕ ਬਥੇਰੇ
ਜਿਹੜੇ ਭਗਤ ਬਣਨਗੇ ਮੇਰੇ
ਅਗਲਾ ਜਨਮ ਸਧਾਰਨ ਲਈ ਜੋ
ਏਸ ਜਨਮ ਨੂੰ ਜਾਂਦੇ ਰੋਲੀ
ਮੈਂ ਤਾਂ ਬੇਬੇ ਸਾਧ……..
ਸੰਗਤ ਕਰਦੀ ਪਿਆਰ ਹੋਊਗੀ
ਮੇਰੇ ਥੱਲੇ ਕਾਰ ਹੋਊਗੀ
ਏਨਾ ਚੜੂ ਚੜ੍ਹਾਵਾ ਚਾਹੇ
ਭਰ ਲਈਂ ਨੋਟਾਂ ਨਾਲ ਭੜੋਲੀ
ਮੈਂ ਤਾਂ ਬੇਬੇ ਸਾਧ………
ਅਮਰੀਕਾ ਇੰਗਲੈਂਡ ਕਨੇਡਾ
ਗੇੜਾ ਲਾਊਂ ਜਹਾਜ਼ ਤੇ ਏਡਾ
ਏਨੀ ਮਾਇਆ ਕੱਠੀ ਕਰ ਲਊਂ
ਬਾਣੀਏ ਤੋਂ ਵੀ ਜਾਏ ਨਾ ਤੋਲੀ
ਮੈਂ ਤਾਂ ਬੇਬੇ ਸਾਧ………
ਮੈਂ ਬਣ ਬੈਠੂੰ ਆਪ ਵਿਧਾਤਾ
ਤੂੰ ਬਣਜੇਂਗੀ ਜਗਤ ਦੀ ਮਾਤਾ
ਬਚੇ ਰਹਾਂਗੇ ‘ਹਸਨਪੁਰੀ’ ਨੇ
ਜੇ ਨਾ ਸਾਡੀ ਪਤਰੀ ਫੋਲੀ
ਮੈਂ ਤਾਂ ਬੇਬੇ ਸਾਧ…
🟩