2023-06-04 12:10:14 ( ਖ਼ਬਰ ਵਾਲੇ ਬਿਊਰੋ )
ਕੈਲੀਫੋਰਨੀਆ ਦੀ ਸੈਨੇਟ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਸਿੱਖਾਂ ਨੂੰ ਸੁਰੱਖਿਆ ਹੈਲਮੈਟ ਪਹਿਣਨ ਤੋਂ ਛੋਟ ਦੇਣ ਵਾਲੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। 2021 ਦੇ ਅਮਰੀਕੀ ਸਮੂਦਾਇਕ ਸਰਵੇਖਣ ਦੇ ਅਨੁਮਾਨ ਮੁਤਾਬਕ 2,11,000 ਸਿੱਖ ਕੈਲੀਫੋਰਨੀਆ ਵਿਚ ਰਹਿੰਦੇ ਹਨ ਜੋ ਅਮਰੀਕਾ ਵਿਚ ਰਹਿਣ ਵਾਲੇ ਸਾਰੇ ਸਿੱਖਾਂ ਦੀ ਲਗਭਗ ਅੱਧੀ ਗਿਣਤੀ ਹੈ। ਸੈਨੇਟਰ ਬ੍ਰਾਇਨ ਡਾਹਲੇ ਦੁਆਰਾ ਲਿਖੇ ਗਏ ਸੈਨੇਟ ਬਿੱਲ ਨੂੰ ਇਸ ਹਫ਼ਤੇ ਰਾਜ ਦੀ ਸੈਨੇਟ ਦੁਆਰਾ 21-8 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ ਅਤੇ ਹੁਣ ਇਹ ਵਿਧਾਨ ਸਭਾ ਵਿੱਚ ਜਾਵੇਗਾ। ਡੈਹਲੇ ਨੇ ਸੈਨੇਟ ਵਿੱਚ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ “ਧਰਮ ਦੀ ਆਜ਼ਾਦੀ ਇਸ ਦੇਸ਼ ਦੀ ਇੱਕ ਮੁੱਖ ਨੀਂਹ ਹੈ।
ਉਸ ਨੇ ਕਿਹਾ ਕਿ 'ਅਮਰੀਕੀ ਹੋਣ ਦੇ ਨਾਤੇ ਸਾਡੇ ਕੋਲ ਆਪਣੇ ਧਰਮ ਨੂੰ ਸੁਤੰਤਰ ਤੌਰ 'ਤੇ ਪ੍ਰਗਟਾਉਣ ਦਾ ਅਧਿਕਾਰ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਅਧਿਕਾਰ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਹੈ। ਉਸਨੇ ਕਿਹਾ ਕਿ ਪੱਗ ਜਾਂ ਪਟਕਾ ਪਹਿਨਣ ਵਾਲਿਆਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇਣਾ ਇਹ ਯਕੀਨੀ ਬਣਾਉਣ ਦਾ ਇੱਕ ਆਸਾਨ ਤਰੀਕਾ ਹੈ ਕਿ ਹਰ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ।