2023-05-27 08:27:58 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਤਤਕਾਲੀਨ ਸਰਕਾਰਾਂ ਸਮੇ ਜ਼ਮੀਨਾਂ ਤੇ ਚਿਟਫੰਡ ਕੰਪਨੀ "ਪਰਲ " ਵੱਲੋਂ ਵੱਡੀ ਗਿਣਤੀ ਵਿਚ ਲੋਕਾਂ ਨਾਲ ਮਾਰੀ ਗਈ ਅਰਬਾਂ ਰੁਪਏ ਦੀ ਠੱਗੀ ਦੇ ਮੁੱਖ ਸੂਤਰਧਾਰ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਜੇਲ੍ਹ ਵਿੱਚ ਹਨ ਅਤੇ ਓਧਰ ਸੁਪਰੀਮ ਕੋਰਟ ਵੱਲੋਂ ਠੱਗੇ ਗਏ ਪੀੜਤਾਂ ਨੂੰ ਪਰਲ ਗਰੁੱਪ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਨਿਲਾਮੀ ਕਰਨ ਉਪਰੰਤ ਪੈਸੇ ਵਾਪਸ ਕਰਨ ਦੇ ਹੁਕਮ ਕੀਤੇ ਗਏ ਹਨ। ਪਰ ਵੱਡੀ ਗਿਣਤੀ ਵਿੱਚ ਅੱਗੇ ਹੋਏ ਲੋਕ ਅਜੇ ਤੱਕ ਇਨਸਾਫ ਦੀ ਉਡੀਕ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਰਲ ਗਰੁੱਪ ਦੀ ਠੱਗੀ ਦੇ ਸ਼ਿਕਾਰ ਹੋਏ ਪੀੜਤਾਂ ਨੂੰ ਵਾਪਸ ਰੁਪੈ ਦਿਵਾਉਣ ਅਤੇ ਬਹੁਤ ਸਾਰੀਆਂ ਬੇਨਾਮੀ ਜਾਇਦਾਦਾਂ ਦੀ ਸਨਾਖਤ ਕਰਕੇ ਰਸੂਖ਼ਦਾਰ ਲੋਕਾਂ ਦੇ ਕਬਜ਼ੇ ਛੁਡਾਉਣ ਤੇ ਅਫਸਰਸ਼ਾਹੀ ਵੱਲੋਂ ਪ੍ਰਭਾਵਸ਼ਾਲੀ ਲੋਕਾਂ ਨਾਲ ਮਿਲ ਕੇ ਪਰਲ ਦੀਆਂ ਜਮੀਨਾਂ ਮਿਲੀਭੁਗਤ ਨਾਲ ਵੇਚਣ ਆਦਿ ਦੀ ਜਾਂਚ ਲਈ ਇਹ ਕੇਸ ਸਟੇਟ ਕਰਾਇਮ ਤੋਂ ਵਾਪਸ ਲੈ ਕੇ ਵਿਜੀਲੈਂਸ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ । ਵਿਜੀਲੈਂਸ ਬਿਊਰੋ ਦੇ ਚੀਫ਼ ਵਰਿੰਦਰ ਕੁਮਾਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਤੇ ਕੁਝ ਹੋਰ ਧੋਖਾਧੜੀ ਦੇ ਮੁਕੱਦਮਿਆਂ ਦੀ ਜਾਂਚ ਲਈ ਵਿਜੀਲੈਸ ਦੇ ਡਾਇਰੈਕਟਰ ਆਈਪੀਐਸ ਅਧਿਕਾਰੀ ਸ੍ਰੀ ਰਾਹੁਲ ਦੀ ਸੁਪਰਵੀਜ਼ਨ ਹੇਠ 7 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ) ਦਾ ਗਠਨ ਕਰ ਦਿੱਤਾ ਗਿਆ ਹੈ। ਖਬਰ ਵਾਲੇ ਡਾਟ ਕਾਮ ਨੂੰ ਵਿਜੀਲੈਂਸ ਦੇ ਹੈਡ ਕੁਆਟਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਐਸ ਆਈ ਟੀ ਟੀਮ ਵਿਚ ਵਿਜੀਲੈਂਸ ਦੇ ਸੰਯੁਕਤ ਡਾਇਰੈਕਟਰ ਪੀ ਪੀ ਐਸ ਅਧਿਕਾਰੀ ਕੰਵਲਜੀਤ ਸਿੰਘ ਐਸਐਸਪੀ ਰੋਪੜ ਰੇਂਜ, ਸ੍ਰੀ ਸਲਾਮੂਦੀਨ ਉਪ ਕਪਤਾਨ ਵਿਜੀਲੈਂਸ ਹੈਡ ਕੁਆਟਰ , ਉਪ ਕਪਤਾਨ ਨਵਦੀਪ ਸਿੰਘ ਵਿਜੀਲੈਂਸ ਰੇਂਜ ਰੋਪੜ, ਇਸਪੈਕਟਰ ਮੋਹਿਤ ਵਿਜੀਲੈਂਸ ਰੇਂਜ ਫ਼ਿਰੋਜ਼ਪੁਰ ਤੇ ਇਸਪੈਕਟਰ ਮਾਧਵੀ ਕਲਿਆਣ ਨੂੰ ਸ਼ਾਮਲ ਕੀਤਾ ਗਿਆ ਹੈ।