2023-05-26 19:43:13 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ, 26 ਮਈ(ਭੁਪਿੰਦਰ ਗਿੱਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਵਿਚ ਸਕੂਲ ਸਿੱਖਿਆ ਵਿਭਾਗ ਵਿਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੇ ਜਨਾਬ ਅਬਦੁਰ ਰਸ਼ੀਦ ਦੇ ਪੁੱਤਰ ਅਮਾਨ ਅੱਬਾਸ ਨੇ ਬੋਰਡ ਵਲੋਂ ਜਾਰੀ ਮੈਰਿਟ ਲਿਸਟ ਦੇ 16ਵੇਂ ਰੈਂਕ ਤੇ ਨਾਂ ਦਰਜ ਕਰਵਾ ਕੇ ਸਮੁੱਚੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸ਼ਹਿਰ ਦੇ ਸਮੁੱਚੇ ਅਧਿਆਪਕ ਵਰਗ ਵਿਚ ਬੇਹੱਦ ਖੁਸ਼ੀ ਦਾ ਮਾਹੌਲ ਹੈ। ਅਮਾਨ ਅੱਬਾਸ ਵਲੋਂ ਪ੍ਰਾਪਤ ਪੁਜ਼ੀਸ਼ਨ ਦੀ ਖੁਸ਼ੀ ਵਿਚ ਸਮੂਹ ਪਰਿਵਾਰ ਦੀ ਮੌਜੂਦਗੀ ਵਿੱਚ ਦਾਦੀ ਮੁਖਤਿਆਰੋ ਤੇ ਨਾਨੀ ਮਨਜੀਤ ਵਲੋਂ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਮਾਨ ਨੇ ਦੱਸਿਆ ਕਿ ਉਸਦੀ ਇੱਛਾ ਵਿਗਿਆਨਿਕ ਖੋਜ ਦੇ ਖੇਤਰ ਵਿਚ ਸ਼ਹਿਰ ਦਾ ਨਾਮ ਚਮਕਾਉਣ ਦੀ ਹੈ ਅਤੇ ਇਸੇ ਮਕਸਦ ਦੀ ਪੂਰਤੀ ਲਈ ਉਹ ਅਗਲੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਮਾਤਾ ਨਜਮਾ ਨੇ ਇਸ ਕਾਮਯਾਬੀ ਲਈ ਅਲ ਫਲਾਹ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਪਨਸਪ ਮਹਿਕਮੇ ਦੇ ਔਡੀਟਰ ਮੁਹੰਮਦ ਸ਼ਰੀਫ ਅਤੇ ਪੰਜਾਬੀ ਮਾਸਟਰ ਸਾਬਿਰ ਅਲੀ (ਅਮਾਨ ਦੇ ਤਾਇਆ ਤੇ ਚਾਚਾ ਜੀ) ਨੇ ਮੁਬਾਰਕਬਾਦ ਪੇਸ਼ ਕਰਨ ਵਾਲੇ ਸਮੂਹ ਦੋਸਤਾਂ, ਰਿਸ਼ਤੇਦਾਰਾ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਪਿਤਾ ਜੋ ਕਿ ਸਾਹਿਤਕ ਹਲਕਿਆਂ ਵਿਚ ਰਸ਼ੀਦ ਅੱਬਾਸ ਵਜੋਂ ਜਾਣੇ ਜਾਂਦੇ ਹਨ, ਨੇ ਮੈਰਿਟ ਵਿਚ ਆ ਕੇ ਸ਼ਹਿਰ ਦਾ ਨਾਂ ਚਮਕਾਉਣ ਵਾਲੇ ਬਾਕੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ। ਜ਼ਿਕਰਯੋਗ ਹੈ ਕਿ ਅਮਾਨ ਦੇ ਮਾਤਾ-ਪਿਤਾ ਦੋਵੇਂ ਸਿਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ। ਸ ਸ ਸ ਸ ਸਾਦਤਪੁਰ ਅਤੇ ਸ ਸ ਸ ਸ ਕੁਠਾਲਾ ਦੇ ਸਮੂਹ ਸਟਾਫ ਨੇ ਮੁਬਾਰਬਾਦ ਦਿੱਤੀ। ਇਸ ਮੌਕੇ ਮੁਹੰਮਦ ਸਲੀਮ, ਮੁਹੰਮਦ ਬਸ਼ੀਰ, ਐਮਨ ਸਲੀਮ, ਰਾਇਦ ਬਸ਼ੀਰ, ਅਰਸ਼ਦ ਅਲੀ, ਸਾਜਿਦ ਅਲੀ, ਸੀਤਾ ਖ਼ਾਂ, ਅਜ਼ੀਮ ਅਹਿਮਦ, ਅਰਸ਼ਮ ਖਾਂ, ਸ਼ਹਿਲਾ, ਖ਼ਿਜ਼ਰ, ਜ਼ਾਇਨ, ਲੀਜ਼ਾ, ਵਾਰਿਦ, ਅਨਸਬ ਆਰਾ, ਹੱਯਾਨ, ਅਬੀਰਾ,ਅਰੀਬਾ, ਜਿੰਮੀ ਖਾ, ਸਵਰਨ, ਉਦੈ ਖ਼ਾਂ ਆਦਿ ਖਾਸ ਤੌਰ ਤੇ ਹਾਜ਼ਰ ਸਨ।