2023-05-23 13:39:36 ( ਖ਼ਬਰ ਵਾਲੇ ਬਿਊਰੋ )
ਤੂਫ਼ਾਨ ਕਾਰਨ ਇੱਕ ਸਕੂਲ ਦੀ ਛੱਤ ਡਿੱਗਣ ਕਾਰਨ ਸੋਮਵਾਰ ਨੂੰ 4 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉੱਤਰੀ ਥਾਈਲੈਂਡ ਵਿਚ ਵਾਪਰੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕਾਕ ਤੋਂ 300 ਕਿਲੋਮੀਟਰ ਉੱਤਰ 'ਚ ਸਥਿਤ ਫਿਚਿਟ ਸੂਬੇ ਦੇ ਜਨਸੰਪਰਕ ਦਫਤਰ ਮੁਤਾਬਕ ਇਹ ਘਟਨਾ ਵਾਟ ਨੇਰਨ ਪੋਰ ਪ੍ਰਾਇਮਰੀ ਸਕੂਲ 'ਚ ਵਾਪਰੀ। ਸੋਮਵਾਰ ਦੇਰ ਰਾਤ ਹਸਪਤਾਲ ਵਿੱਚ ਦਾਖ਼ਲ 6 ਸਾਲਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ।
ਅਧਿਕਾਰਤ ਆਫ਼ਤ ਰੋਕਥਾਮ ਵਿਭਾਗ ਦੀ ਇੱਕ ਫੇਸਬੁੱਕ ਪੋਸਟ ਦੇ ਅਨੁਸਾਰ, ਕਈ ਵਿਦਿਆਰਥੀਆਂ ਨੇ ਮੀਂਹ ਤੋਂ ਬਚਣ ਲਈ ਸਕੂਲ ਦੇ ਕੰਪਲੈਕਸ ਦੇ ਗਤੀਵਿਧੀ ਕੇਂਦਰ ਵਿੱਚ ਸ਼ਰਨ ਲਈ ਹੋਈ ਸੀ, ਉਦੋਂ ਛੱਤ ਡਿੱਗ ਗਈ, ਜਿਸ ਨਾਲ 18 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੂਬਾਈ ਜਨਸੰਪਰਕ ਵਿਭਾਗ ਦੇ ਸਟਾਫ਼ ਮੈਂਬਰ ਪਤਚਰੀਨ ਸਿਰੀ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ 4 ਵਿਦਿਆਰਥੀ, ਮਾਤਾ-ਪਿਤਾ ਅਤੇ ਸਕੂਲ ਦਾ ਇੱਕ ਸਫਾਈ ਕਰਮਚਾਰੀ ਸ਼ਾਮਲ ਹੈ। ਮੌਸਮ ਵਿਭਾਗ ਨੇ ਇਸ ਹਫਤੇ ਉੱਤਰੀ ਥਾਈਲੈਂਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।