2023-03-31 11:59:33 ( ਖ਼ਬਰ ਵਾਲੇ ਬਿਊਰੋ )
ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ। ਉਹ ਰਾਵੀ ਦਰਿਆ ਪਾਰ ਕਰਕੇ ਪਾਕਿਸਤਾਨ ਚਲਾ ਜਾਵੇ।ਸੰਗਰੂਰ ਤੋਂ ਲੋਕ ਸਭਾ ਮੈਂਬਰ ਮਾਨ ਨੇ ਕਿਹਾ, ਅਸੀਂ 1984 ਵਿੱਚ ਵੀ ਪਾਕਿਸਤਾਨ ਗਏ ਸੀ। ਕੀ ਅਸੀਂ ਨਹੀਂ ਗਏ ਸੀ? ਮਾਨ ਨੇ ਇਹ ਗੱਲਾਂ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਹੀਆਂ। ਉਹਨਾਂ ਅੱਗੇ ਕਿਹਾ, ਅੰਮ੍ਰਿਤਪਾਲ ਨੂੰ ਨੇਪਾਲ ਜਾਣ ਦੀ ਕੀ ਲੋੜ ਹੈ। ਉਸ ਨੂੰ ਗੁਆਂਢੀ ਮੁਲਕ (ਪਾਕਿਸਤਾਨ) ਜਾਣਾ ਚਾਹੀਦਾ ਹੈ।
ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਅੰਮ੍ਰਿਤਪਾਲ ਦਾ ਪਾਕਿਸਤਾਨ ਭੱਜਣਾ ਜਾਇਜ਼ ਹੈ, ਤਾਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਜੇ ਸਰਕਾਰ ਅੱਤਿਆਚਾਰ ਕਰ ਰਹੀ ਹੈ ਤਾਂ ਇਹ ਸਿੱਖ ਇਤਿਹਾਸ ਅਨੁਸਾਰ ਜਾਇਜ਼ ਹੈ।ਸਿਮਰਨਜੀਤ ਸਿੰਘ ਮਾਨ ਦੀ ਟਿੱਪਣੀ 1984 ਦੀਆਂ ਘਟਨਾਵਾਂ ਦਾ ਹਵਾਲਾ ਸੀ ਜਦੋਂ ਸਿੱਖ ਵਿਰੋਧੀ ਦੰਗੇ ਹੋਏ ਸਨ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਸਦੇ ਖਾਲਿਸਤਾਨੀ ਸਹਿਯੋਗੀਆਂ ਨੂੰ ਖਤਮ ਕਰਨ ਲਈ ਸਾਕਾ ਨੀਲਾ ਤਾਰਾ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਫੌਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਈ। ਬਾਅਦ ਵਿੱਚ ਇੰਦਰਾ ਗਾਂਧੀ ਦੀ ਉਸਦੇ ਸਿੱਖ ਅੰਗ ਰੱਖਿਅਕਾਂ ਨੇ ਹੱਤਿਆ ਕਰ ਦਿੱਤੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਵੱਡੇ ਪੱਧਰ 'ਤੇ ਸਿੱਖ ਵਿਰੋਧੀ ਦੰਗੇ ਹੋਏ ਸਨ।