2023-03-31 10:44:05 ( ਖ਼ਬਰ ਵਾਲੇ ਬਿਊਰੋ )
ਜਲੰਧਰ: ਪੰਜਾਬ ਦੇ ਲੋਕ ਮੁੜ 80ਵੇਂ ਦੇ ਦਹਾਕੇ ਵਾਲਾ ਕਾਲਾ ਦੌਰ ਨਹੀਂ ਚਾਹੁੰਦੇ ਤੇ ਨਾ ਹੀ ਉਸ ਨੂੰ ਯਾਦ ਕਰਨਾ ਚਾਹੁੰਦੇ ਹਨ। ਉਸ ਦੌਰ ’ਚ ਜਦੋਂ ਵੱਡੇ-ਵੱਡੇ ਸਿਆਸਤਦਾਨ ਤੇ ਹੋਰ ਲੋਕ ਬਾਹਰ ਭੱਜਣ ਲੱਗੇ ਸਨ ਤਾਂ ਕਾਂਗਰਸ ਦੀ ਸਰਕਾਰ ਨੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਹੇਠ ਜਾਨਾਂ ਵਾਰ ਕੇ ਸੂਬੇ ’ਚ ਅਮਨ ਤੇ ਸ਼ਾਂਤੀ ਕਾਇਮ ਕੀਤੀ ਸੀ। ਇਹ ਪ੍ਰਗਟਾਵਾ ਸੂਬੇ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਕੀਤਾ। ਮੌਜੂਦਾ ਸਮੇਂ ਸੂਬੇ ਦੇ ਚੱਲ ਰਹੇ ਹਾਲਾਤ ਬਾਰੇ ਪੁੱਛੇ ਜਾਣ ਤੇ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਬਣੀ ਸਥਿਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬੀਬੀ ਭੱਠਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਨਿੱਜੀ ਤੌਰ ’ਤੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਜੋ ਕੀਤਾ ਜਾ ਰਿਹਾ ਹੈ, ਉਸ ਤੋਂ ਕੋਈ ਇਨਕਾਰੀ ਨਹੀਂ ਪਰ ਅਜਨਾਲਾ ਥਾਣੇ ਦੀ ਘਟਨਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਸ ਥਾਂ ’ਤੇ ਲੈ ਕੇ ਜਾਣਾ ਜਿੱਥੇ ਸ਼ਰਾਬੀ, ਅਪਰਾਧੀ ਤੇ ਨਸ਼ੇੜੀਆ ਨੂੰ ਰੱਖਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ। ਇਸ ਨਾਲ ਵਿਸ਼ਵ ਪੱਧਰ ’ਤੇ ਸਿੱਖ ਸੰਗਤ ’ਚ ਦਿਲਾਂ ਨੂੰ ਠੇਸ ਪੁੱਜੀ ਹੈ। ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆ ਦੀ ਫੜੋ-ਫੜੀ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਉਹ ਦੋਵਾਂ ਸਰਕਾਰਾਂ ਵੱਲੋਂ ਸਿਆਸੀ ਲਾਹਾ ਲੈਣ ਦਾ ਯਤਨ ਹੈ ਜੋ ਪੰਜਾਬ ਤੇ ਇਸ ਦੇ ਵਾਸੀਆਂ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਜੇ ਅੰਮ੍ਰਿਤਪਾਲ ਸਿੰਘ ਸੱਚਾ ਸਿੱਖ ਹੈ ਤਾਂ ਸਾਹਮਣੇ ਆ ਕੇ ਆਪਣਾ ਪੱਖ ਰੱਖੇ।