2023-03-30 19:53:44 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 30 ਮਾਰਚ (ਭੁਪਿੰਦਰ ਗਿੱਲ) -ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਤੇ ਵਿਕਾਸ ਤੋਂ ਇਲਾਵਾ ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਰਮਜ਼ਾਨ ਉਰ ਮੁਬਾਰਕ ਦੇ ਪਵਿੱਤਰ ਮਹੀਨੇ ਅਤੇ ਅਸ਼ਟਮੀ(ਨਵਰਾਤਰਿਆਂ) ਮੌਕੇ ਮਾਲੇਰਕੋਟਲਾ ਵਿਖੇ ਆਪਣੀ ਵਿਸ਼ੇਸ ਫੇਰੀ ਦੌਰਾਨ ਕੀਤੇ । ਉਨ੍ਹਾਂ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਦੇ ਸਿਹਤਯਾਬ ਹੋਣ ਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆ ਕਿਹਾ ਕਿ ਸਾਰੇ ਹੀ ਧਰਮ ਸਰਵ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹਨ, ਇਸ ਲਈ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਰਲ ਮਿਲ ਕੇ ਰਹੀਏ ਅਤੇ ਇੱਕ ਦੂਜੇ ਦੇ ਧਰਮ ਦਾ ਮਾਨ ਸਤਿਕਾਰ ਕਰੀਏ।
ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਹੈ ਕਿਉਂਕਿ ਇਸ ਪਵਿੱਤਰ ਧਰਤੀ ਤੋਂ ਮਹਾਨ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾ ਅਤੇ ਪੀਰਾਂ ਆਦਿ ਨੇ ਹਰ ਵਰਗ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ । ਕੁੱਝ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਝਾਕ ਵਿੱਚ ਹਨ, ਪਰ ਅਜਿਹੀਆਂ ਤਾਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਪੰਜਾਬ ਨੂੰ ਹਨੇਰੇ ਵਿੱਚ ਧੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹਰੇਕ ਧਰਮ ਦਾ ਪੂਰਾ ਮਾਣ ਅਤੇ ਸਤਿਕਾਰ ਕਾਇਮ ਰੱਖਿਆ ਜਾ ਰਿਹਾ ਹੈ । ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਸਰਵਪੱਖੀ ਵਿਕਾਸ ਲਈ ਫੰਡਜ਼ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਘੱਟ ਗਿਣਤੀ ਵਰਗ ਤੋਂ ਮੰਤਰੀ ਮੰਡਲ ਵਿੱਚ ਸ਼ਮੂਲੀਅਤ ਸਬੰਧੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸਾਰੇ ਬਰਾਬਰ ਹਨ ,ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੈ । ਸ਼ਾਹੀ ਮਕਬਰਿਆਂ ਦੀ ਸਾਂਭ ਸੰਭਾਲ ਸਬੰਧੀ ਉਨ੍ਹਾਂ ਕਿਹਾ ਕਿ ਇਨ੍ਹਾਂ ਮਕਬਰਿਆਂ ਦੀ ਸੰਭਾਲ਼ ਲਈ ਸਰਕਾਰ ਵਲੋਂ ਜਲਦ ਹੀ ਉਪਰਾਲੇ ਕੀਤੇ ਜਾਣਗੇ
ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਦੇ ਆਉਣ ਤੇ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ,ਜਿਸ ਦੇ ਸਪੀਕਰ ਆਮ ਲੋਕਾਂ ਵਿੱਚ ਆਮ ਵਿਅਕਤੀ ਵਾਂਗ ਵਿਚਰ ਰਹੇ ਹਨ । ਉਨ੍ਹਾਂ ਇਸ ਮੌਕੇ ਮਾਲੇਰਕੋਟਲਾ ਦੇ ਸਰਵਪੱਖੀ ਵਿਕਾਸ ਸਬੰਧੀ ਅਵਾਮ ਦੀਆਂ ਮੰਗਾਂ ਰੱਖੀਆ। ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਸਰੀਕੇ ਹਯਾਤ ਫਰਿਆਲ ਉਰ ਰਹਿਮਾਨ, ਜਾਫ਼ਰ ਅਲੀ, ਸਮਸੂਦੀਨ, ਅਸ਼ਰਫ਼ ਅਬਦੁੱਲਾ, ਸਾਕੂਰ, ਮਹਿੰਦਰ ਸਿੰਘ,ਨਾਜੀਰ,ਤਾਜ ਮੁਹੰਮਦ,ਅਸਲਮ ਕਾਲਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।