2023-03-26 16:27:18 ( ਖ਼ਬਰ ਵਾਲੇ ਬਿਊਰੋ )
ਐੱਸ ਏ ਐੱਸ ਨਗਰ, 26 ਮਾਰਚ- ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਲੋੜਾਂ ਵਾਲ਼ੇ ਬੱਚਿਆਂ ਦਾ ਇੱਕ ਰੋਜ਼ਾ ਰਾਜ ਪੱਧਰੀ ਪ੍ਰਤਿਭਾ ਖੋਜ ਮੁਕਾਬਲਾ ਮੁਹਾਲੀ ਵਿਖੇ ਕਰਵਾਇਆ ਜਾਣਾ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਅਸ਼ਵਨੀ ਕੁਮਾਰ ਦੱਤਾ ਨੇ ਦੱਸਿਆ ਕਿ ਇਹ ਮੁਕਾਬਲੇ ਮਿਤੀ 28 ਮਾਰਚ ਨੂੰ ਅਮੇਟੀ ਇੰਟਰਨੈਸ਼ਨਲ ਯੂਨੀਵਰਸਿਟੀ ਮੁਹਾਲੀ ਵਿਖੇ ਹੋਣਗੇ। ਇਹਨਾਂ ਮੁਕਾਬਲਿਆਂ ਵਿੱਚ ਨਾਟਕ, ਗਰੁੱਪ ਡਾਂਸ,ਗਿੱਧਾ ਅਤੇ ਭੰਗੜਾ ਆਦਿ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚੋਂ ਆਏ ਬੱਚੇ ਭਾਗ ਲੈਣਗੇ। ਉਹਨਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਵਿੱਚ ਕਲਾ ਅਤੇ ਗਤੀਵਿਧੀਆਂ ਦਾ ਸਮੁੱਚਾ ਵਿਕਾਸ ਹੋ ਸਕੇ ਇਸ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਬੱਚੇ ਆਪੋ-ਆਪਣੀ ਕਲਾ ਦੀ ਪੇਸ਼ਕਾਰੀ ਕਰਨਗੇ। ਜ਼ਿਲ੍ਹਾ ਮੋਹਾਲੀ ਨੂੰ ਇਸ ਰਾਜ ਪੱਧਰੀ ਸਮਾਗਮ ਲਈ ਚੁਣਿਆ ਗਿਆ ਹੈ। ਇਸ ਲਈ ਸਮਾਗਮ ਦੇ ਸਮੂਚੇ ਪ੍ਰਬੰਧ ਕਰ ਲਏ ਗਏ ਹਨ। ਕਿਉਂ ਜੋ ਬੱਚੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਆ ਰਹੇ ਹਨ ਤਾਂ ਇਹਨਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕਰ ਲਿਆ ਗਿਆ ਹੈ। ਇਹਨਾਂ ਦੇ ਠਹਿਰਨ ਦਾ ਪ੍ਰਬੰਧ ਸ਼ਿਵਾਲਿਕ ਪਬਲਿਕ ਸਕੂਲ ਫੇਜ 6 ਮੋਹਾਲੀ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਵਿਖੇ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਸੰਬੰਧੀ ਅਧਿਆਪਕਾਂ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਸੰਬੰਧੀ ਅੱਜ ਖ਼ਾਸ ਮੀਟਿੰਗ ਕੀਤੀ ਗਈ ਤਾਂ ਕਿ ਹਰ ਅਧਿਕਾਰੀ ਨੂੰ ਆਪਣੀ ਡਿਊਟੀ ਦਾ ਪ੍ਰਬੰਧ ਸਮਝਾਇਆ ਜਾ ਸਕੇ। ਇਸ ਮੌਕੇ ਡੀ ਜੀ ਐਸ ਦੀ ਦਫਤਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਏ ਐਸ ਪੀ ਡੀ ਮੈਡਮ ਸਵਤੰਤਰ ਕੌਰ ਨੇ ਮੀਟਿੰਗ ਵਿੱਚ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ।