2023-03-16 14:48:56 ( ਖ਼ਬਰ ਵਾਲੇ ਬਿਊਰੋ )
ਗੁਰਭਜਨ ਗਿੱਲ
ਮੈਂ 1977 ਚ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ (ਲੁਧਿਆਣਾ) ਚ ਲੈਕਚਰਾਰ ਲੱਗਿਆ ਤਾਂ ਉਦੋਂ ਅਗਸਤ ਮਹੀਨਾ ਸੀ।
ਲੁਧਿਆਣੇ ਤੋਂ ਜਗਰਾਉਂ ਜਾਂਦਿਆਂ ਚੌਕੀਮਾਨ ਨੇੜਿਉਂ ਲੰਘਦੇ ਤਾਂ ਪਤਾ ਲੱਗਿਆ ਕਿ ਸਿਆਲ ਚ ਬੇਰੀਆਂ ਨੂੰ ਬੂਰ ਪੈ ਗਿਆ ਹੈ ਤੇ ਫ਼ਰਵਰੀ ਮਾਰਚ ਵਿੱਚ ਖਾਣ ਯੋਗ ਬੇਰ।
ਇਹ ਬੇਰੀਆਂ ਗੁੜ੍ਹੇ ਪਿੰਡ ਦੀਆਂ ਸਨ ਜੋ 1947 ਤੋਂ ਪਹਿਲਾਂ ਏਥੇ ਰਹਿੰਦੇ ਮੁਸਲਮਾਨ ਵੀਰ ਲਾ ਗਏ ਸਨ। ਰੱਜ ਕੇ ਮਿੱਠੇ। ਪਤਲੇ ਪਤਲੇ ਲੰਬੂਤਰੇ। ਮੁਟਿਆਰ ਦੀਆਂ ਉਂਗਲਾਂ ਚੰਗੇ। ਸੱਜਣ ਰਾਵੀ ਪਾਰ ਗਏ, ਮਿਠਾਸ ਛੱਡ ਗਏ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਇਸ ਪਿੰਡ ਦਾ ਮੇਰਾ ਸਹਿਕਰਮੀ ਡਾਃ ਚਰਨਜੀਤ ਸਿੰਘ ਮੱਲ੍ਹੀ ਜਾਂ ਬਾਸਕਟਬਾਲ ਦਾ ਭਾਰਤੀ ਕਪਤਾਨ ਗੁਰਦਿਆਲ ਸਿੰਘ ਮੱਲ੍ਹੀ ਜਦ ਕਦੇ ਕਿਤੇ ਵੀ ਮਿਲਦੇ ਤਾਂ ਗੁੜਿਆਂ ਦੇ ਬੇਰ ਚੇਤੇ ਆਉਂਦੇ। ਮੂੰਹ ਮਿੱਠਾ ਮਿੱਠਾ ਹੋ ਜਾਂਦਾ।
ਸਾਡਾ ਪਿਰਥੀਪਾਲ ਤੇ ਗੁਰਪ੍ਰੀਤ ਤੂਰ ਜਦ ਜਗਰਾਉਂ ਨੌਕਰੀ ਤੇ ਸਨ ਤਾਂ ਜਦ ਕਦੇ ਮੈਨੂੰ ਸੇਵਾ ਪੁੱਛਦੇ, ਮੈਂ ਗੁੜ੍ਹਿਆਂ ਦੇ ਬੇਰ ਮੰਗਵਾਉਂਦਾ। ਇਨ੍ਹਾਂ ਬੇਰਾਂ ਤੇ ਬੇਰੀਆਂ ਚੋਂ ਮੈਨੂੰ ਉਹ ਮੁਹਾਂਦਰੇ ਦਿਸਦੇ ਨੇ ਜੋ ਬੇਰੀਆਂ ਤਾਂ ਲਾ ਗਏ ਪਰ ਫ਼ਲ ਖਾਣ ਵੇਲੇ ਉੱਜੜ ਗਏ।
ਕਸਟਮ ਵਿਭਾਗ ਵਿੱਚ ਉੱਚ ਅਧਿਕਾਰੀ ਵੱਡੇ ਵੀਰ ਹਰਜੀਤ ਸਿੰਘ ਬੇਦੀ ਜੀ ਨੇ ਇੱਕ ਵਾਰ ਸਃ ਗੁਰਮੀਤ ਸਿੰਘ ਮਾਨ ਨਾਲ ਮੈਨੂੰ ਇਸ ਪਛਾਣ ਨਾਲ ਮਿਲਾਇਆ ਕਿ ਇਹ ਵਟਾਲੇ ਵਿਆਹੇ ਹੋਏ ਨੇ। ਉਲੰਪੀਅਨ ਸੁਰਜੀਤ ਰੰਧਾਵਾ ਦੀ ਨਿੱਕੀ ਭੈਣ ਨਾਲ।
ਮੈਨੂੰ ਰੋਗ ਹੈ ਕਿ ਮਿਲੇ ਸੱਜਣ ਦਾ ਪਿੰਡ ਪੁੱਛੇ ਬਿਨਾ ਮੈਨੂੰ ਰੱਜ ਨਹੀਂ ਆਉਂਦਾ। ਬਹੁਤੇ ਪੜ੍ਹੇ ਲਿਖੇ ਲੋਕ ਇਸ ਗੱਲ ਨੂੰ ਚੰਗਾ ਨਹੀਂ ਮੰਨਦੇ ਪਰ ਮੈਂ ਕੀ ਕਰਾਂ, ਜਿਸ ਨੇ ਦਸਤਾਨੇ ਪਾਏ ਹੋਣ ਜਾਂ ਕਾਲੀਆਂ ਐਨਕਾਂ ਲਾਈਆਂ ਹੋਣ, ਮੈਂ ਉਸ ਨਾਲ ਹੱਥ ਨਹੀਂ ਮਿਲਾਉਂਦਾ। ਮੈਂ ਅਧਪੜ੍ਹ ਹੀ ਚੰਗਾ।
ਗੁਰਮੀਤ ਨੂੰ ਪਿੰਡ ਪੁੱਛਿਆ ਤਾਂ ਗੁੜ੍ਹੇ ਨਿਕਲਿਆ। ਚੰਗਾ ਲੱਗਿਆ, ਮਿੱਠਾ ਮਿੱਠਾ। ਉਸ ਦਾ ਵੀ ਬੇਰੀਆਂ ਦਾ ਬਾਗ ਹੈ। ਪਰੂੰ ਪਰਾਰ ਦੇ ਗਿਆ ਸੀ ਬੋਰੀ ਭਰ ਕੇ। ਬਹੁਤ ਖਾਧੇ, ਬਹੁਤ ਵੰਡੇ।
ਮੈਂ ਪਿਛਲੇ ਤਿੰਨ ਚਾਰ ਸਾਲਾਂ ਤੋਂ ਪੰਜਾਬੀ ਸ਼ਾਇਰ ਰਾਜਦੀਪ ਤੂਰ ਤੋਂ ਗੁੜ੍ਹਿਆਂ ਦੇ ਬੇਰ ਮੰਗਵਾਉਂਦਾ ਹਾਂ। ਉਸ ਦਾ ਪਿੰਡ ਸਵੱਦੀ ਵੀ ਤਾਂ ਨਾਲ ਹੀ ਹੈ।
12ਮਾਰਚ ਨੂੰ ਹਲਵਾਰੇ ਸਮਾਗਮ ਤੇ ਬੇਰ ਲਿਆਇਆ ਸੀ, ਅੱਜ ਹੀ ਮੁੱਕੇ ਸਨ।
ਅੱਜ ਆਖ਼ਰੀ ਬੇਰ ਖਾ ਰਿਹਾ ਸਾਂ ਤਾਂ ਹੇਠਾਂ ਘੰਟੀ ਵੱਜੀ। ਬੂਹੇ ਤੇ ਗੁਰਮੀਤ ਮਾਨ ਸੀ, ਬੇਰਾਂ ਭਰੇ ਵੱਡੇ ਝੋਲੇ ਨਾਲ।
ਮਿੱਤਰ ਪਿਆਰਿਆਂ ਨੂੰ ਵੰਡਾਂਗਾ ਤੇ ਕਹਾਂਗਾ, ਰੁੱਤ ਦੇ ਮੇਵੇ ਖਾਇਆ ਕਰੋ।
ਇਨ੍ਹਾਂ ਨੂੰ ਗਰੀਬਾਂ ਦਾ ਸੇਬ ਵੀ ਕਹਿੰਦੇ ਨੇ ਭਾਵੇਂ, ਪਰ ਮੇਰੇ ਲਈ ਇਹ ਮੌਸਮ ਦਾ ਨਾਯਾਬ ਤੋਹਫ਼ਾ ਹੈ।
ਜਿਸ ਕਿਸੇ ਨੇ ਬੇਰ ਮਾਨਣੇ ਹੋਣ ਤਾਂ ਮੈਨੂੰ ਐਤਵਾਰ ਤੀਕ ਮਿਲਣ ਆ ਸਕਦਾ ਹੈ।
ਬਾਦ ਵਿੱਚ ਗਿਟਕਾਂ ਹੀ ਰਹਿ ਜਾਣਗੀਆਂ।
ਗੁਰਭਜਨ ਗਿੱਲ
ਮੁੱਖ ਸੜਕ ਤੇ ਹੀ ਬੇਰੀਆਂ ਦੇ ਬਾਗ਼ਬਾਨ ਰੇੜ੍ਹੀਆਂ ਸਜ਼ਾ ਲੈਂਦੇ। ਮੰਡੀ ਲੱਗ ਜਾਂਦੀ।
ਬੱਸ ਰੋਕ ਕੇ ਅਸੀਂ ਬੇਰ ਖ਼ਰੀਦਦੇ ਤੇ ਰੱਜ ਰੱਜ ਖਾਂਦੇ।
ਲੁਧਿਆਣੇ ਆ ਗਿਆ ਮੈਂ 1983 ਵਿੱਚ।