2023-03-06 12:24:40 ( ਖ਼ਬਰ ਵਾਲੇ ਬਿਊਰੋ )
ਸਾਹਿਤਕ ਮਾਹੌਲ ਵਿਚ ਇਹ ਗੱਲ ਆਮ ਕਹੀ ਜਾਂਦੀ ਹੈ ਜਿਥੋਂ ਤੱਕ ਤਾਂ ਪੰਜਾਬੀ ਕਿੱਸਾ ਕਵਿਤਾ ਦਾ ਸਵਾਲ ਹੈ, ਸਾਹਿਤ ਨੂੰ ਦੋ ਬਰਾਬਰ ਦੇ ਨਗ ਮਿਲੇ ਹਨ, ਇਕ ਸੱਯਦ ਵਾਰਿਸ ਸ਼ਾਹ ਜੋ ਭਾਰਤ ਵਿਚ ਬਹੁਤ ਮਕਬੂਲ ਹੈ ਤੇ ਦੂਸਰਾ ਮੀਆਂ ਮੁਹੰਮਦ ਬਖ਼ਸ਼ ਜਿਸ ਨੇ ਸੈਫੁਲ ਮਲੂਕ ਤੇ ਬਦੀਉਲ ਜਮਾਲ ਇਕ ਬਹੁਤ ਹੀ ਦਿਲਚਸਪ ਤੇ ਸੁਪਨੇ ’ਤੇ ਆਧਾਰਿਤ ਕਹਾਣੀ ਨੂੰ ਪਾਠਕਾਂ ਤਕ ਪਹੁੰਚਾਇਆ ਤੇ ਆਮ ਇਹ ਗੱਲ ਕਹੀ ਜਾਂਦੀ ਹੈ ਕਿ ਪਾਕਿਸਤਾਨ ਵਿਚ ਸੈਫੁਲ ਮਲੂਕ ਤੇ ਭਾਰਤ ਵਿਚ ਵਾਰਿਸ ਸ਼ਾਹ ਦੀ ਹੀਰ ਸਭ ਤੋਂ ਵੱਧ ਪੜ੍ਹੇ ਤੇ ਮਾਣੇ ਜਾਂਦੇ ਕਿੱਸੇ ਹੋਏ ਹਨ। ਮੀਆਂ ਮੁਹੰਮਦ ਬਖ਼ਸ਼ ਬਾਰੇ ਜੋ ਜਾਣਕਾਰੀ ਖੋਜੀਆਂ ਨੇ ਹੁਣ ਪੇਸ਼ ਕੀਤੀ ਹੈ, ਉਸ ਅਨੁਸਾਰ ਇਹ ਅਣਗੌਲਿਆ ਜਿਹਾ ਪੰਜਾਬੀ ਦਾ ਅਜ਼ੀਮ ਕਵੀ ਮਿਰਜ਼ਾਪੁਰ ਤੋਂ ਗੁੱਜਰ ਪਰਿਵਾਰ ਵਿਚੋਂ ਸੀ ਜੋ ਪਾਸਵਾਲ ਕਬੀਲੇ ਨਾਲ ਸਬੰਧ ਰੱਖਦਾ ਸੀ। ਇਹ ਇਕ ਅਜਿਹਾ ਸੂਫ਼ੀ ਕਵੀ ਹੋਇਆ ਹੈ ਜਿਸ ਵਿਚ ਸੂਫ਼ੀ ਭਾਵ ਕੇਵਲ ਪੰਜਾਬ ਤਕ ਸੀਮਤ ਨਹੀਂ ਰਹੇ ਸਗੋਂ ਪਹਾੜਾਂ ਦੀਆਂ ਸਭ ਹੱਦਬੰਦੀਆਂ ਤੋਂ ਉੱਚਾ ਉੱਠ ਕੇ ਕਸ਼ਮੀਰ ਦੀਆਂ ਵਾਦੀਆਂ ਵਿਚ ਮੀਆਂ ਦੀ ਬੁਲੰਦ ਆਵਾਜ਼ ਸੁਣਾਈ ਦੇਂਦੀ ਹੈ। ਕਵੀ ਸਭ ਤੋਂ ਪਹਿਲਾਂ ਖ਼ੁਦਾ ਨੂੰ ਯਾਦ ਕਰਦਾ ਹੈ ਤੇ ਉਸ ਦੀ ਰਹਿਮਤ ਪਾਉਣਾ ਚਾਹੁੰਦਾ ਹੈ-
ਰਹਿਮਤ ਦਾ ਮੀਂਹ ਪਾ ਖੁਦਾਇਆ ਬਾਗ਼ ਸੱੁਕਾ ਕਰ ਹਰਿਆ,
ਬੂਟਾ ਆਸ ਉਮੀਦ ਮੇਰੀ ਦਾ
ਕਰ ਦੇ ਹਰਿਆ ਭਰਿਆ’
ਮੀਆਂ ਉਤੇ ਪੋਠੋਹਾਰੀ ਉਪ-ਭਾਸ਼ਾ ਦਾ ਪ੍ਰਤੱਖ ਪ੍ਰਭਾਵ ਦਿਖਾਈ ਦੇਂਦਾ ਹੈ, ਕੇਵਲ 33 ਸਾਲ ਦੀ ਉਮਰ ਵਿਚ ਮੁਹੰਮਦ ਬਖ਼ਸ਼ ਨੇ ਇਹ ਕਾਰਜ ਕੀਤਾ। ਕੋਈ ਸਮ੍ਹਾਂ ਸੀ ਇਥੇ ਦੇ ਵਿਦਿਆਰਥੀਆਂ ਵਿਚ ਸੱਯਦ ਵਾਰਿਸ ਸ਼ਾਹ ਜੋ ਪੰਜਾਬੀ ਕਿੱਸਾਕਾਰੀ ਵਿਚ ਸਿਖ਼ਰ ਦਾ ਕਵੀ ਪ੍ਰਵਾਨ ਕੀਤਾ ਜਾਂਦਾ ਹੈ, ਜਾਣਕਾਰੀ ਤਾਂ ਸੀ ਪਰ ਉਹਨਾਂ ਕੋਲ ਮੁਹੰਮਦ ਬਖ਼ਸ਼ ਦੀ ਰਚਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਤੱਥ! ਬਹੁਤ ਦਿਲਚਸਪ ਬਣ ਜਾਂਦਾ ਹੈ ਕਿ ਪੰਜਾਬ ਵਿਸ਼ਵ ਵਿਦਿਆਲੇ ਨੇ ਪਹਿਲੀ ਵਾਰ ਮੀਆਂ ਮੁਹੰਮਦ ਬਖ਼ਸ਼ ਨੂੰ ਐਮਏ ਲਈ ਪਾਠ ਪੁਸਤਕ ਬਣਾ ਕੇ 1965-66 ਵਿਚ ਆਪਣਾ ਫ਼ਰਜ਼ ਪੂਰਾ ਕੀਤਾ। ਦੂਸਰਾ ਵਿਸ਼ੇਸ਼ ਤੱਥ ਇਸ ਕਿੱਸੇ ਬਾਰੇ ਇਹ ਹੈ ਕਿ ਇਹ ਕਿੱਸਾ ਬਾਕੀ ਸਾਰੇ ਕਿੱਸਕਾਰਾਂ ਵਿਚੋਂ ਸਭ ਤੋਂ ਅਕਾਰ ਵਿਚ ਲੰਬਾ ਕਿੱਸਾ ਮੰਨਿਆ ਜਾਂਦਾ ਹੈ।ਸਿਲੇਬਸ ਵਿਚ ਸਾਰੇ ਕਿੱਸੇ ਇਕ ਪਾਸੇ ਤੇ ਮੀਆਂ ਮੁਹੰਮਦ ਬਖ਼ਸ਼ ਦਾ ਕਿੱਸਾ ਇਕ ਪਾਸੇ। ਆਮ ਤੌਰ ’ਤੇ ਅਧਿਆਪਕ ਵਰਗ ਵਿਚ ਇਹ ਗੱਲ ਪ੍ਰਵਾਨ ਕੀਤੀ ਜਾਂਦੀ ਹੈ ਕਿ ਪਾਠ ਪੁਸਤਕ ਨੂੰ ਕਲਾਸ ਵਿਚ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਪਰ ਜੇ ਕਿਸੇ ਕਵੀ ਦੀ ਨਿਰਧਾਰਤ ਰਚਨਾ ਸਾਰੇ ਸਿਲੇਬਸ ਨੂੰ ਇਕੱਠਾ ਕਰਕੇ ਉਸ ਤੋਂ ਭੀ ਭਾਰੀ ਹੋਵੇ ਤਾਂ ਇਸ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾਵੇ। ਇਸ ਰਚਨਾ ਨੂੰ ਇਕ ਰੋਮਾਂਟਿਕ ਰੋਮਾਂਸ ਦਾ ਨਾਂ ਦਿੱਤਾ ਗਿਆ ਹੈ। ਕਿੱਸਿਆਂ ਬਾਰੇ ਕੋਈ ਅਜਿਹਾ ਤੱਥ ਨਹੀਂ ਸੀ ਜਿਸ ’ਤੇ ਲੇਖਕ ਨੇ ਆਪਣੀ ਕਲਮ ਨਾ ਚਲਾਈ ਹੋਵੇ। ਇਥੋਂ ਤਕ ਕਿ ਮੁਹੰਮਦ ਬਖ਼ਸ਼ ਤੋਂ ਪਹਿਲਾਂ ਹੋਏ ਕਿੱਸਾਕਾਰਾਂ ਬਾਰੇ ਸਾਹਿਤਕ ਟਿੱਪਣੀਆਂ ਆਪ ਹੀ ਲੇਖਕ ਨੇ ਕੀਤੀਆਂ ਹਨ।
ਇਸ ਆਲੋਚਨਾਤਮਕ ਰਾਏ ਦੇ ਆਧਾਰ ’ਤੇ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਮੁਹੰਮਦ ਬਖ਼ਸ਼ ਸਾਡਾ ਇਕ ਮਾਣਯੋਗ ਆਲੋਚਕ ਵੀ ਹੈ। ਕਿੱਸਾ ਰਚਨਾ ਵਿਚ ਇਸ ਲਿਖਤ ਦਾ ਆਪਣਾ ਵੱਖਰਾ ਹੀ ਸਥਾਨ ਹੈ। ਅਕਾਰ ਵਿਚ ਵੱਡਾ ਹੋਣ ਕਰਕੇ ਇਸ ਨੂੰ ਮਹਾ-ਕਾਵਿ ਦੇ ਬਰਾਬਰ ਹੀ ਸਥਾਨ ਦਿੱਤਾ ਜਾਂਦਾ ਹੈ। ਇਸ ਵਿਚ ਕਿੱਸਾਕਾਰੀ ਦੇ ਨਾਲ ਮਹਾ-ਕਾਵਿ ਦੇ ਵੀ ਸਾਰੇ ਗੁਣ ਸ਼ਾਮਿਲ ਹਨ । ਇਸ ਦੀ ਕਹਾਣੀ ਇਕ ਸੁਪਨੇ ’ਤੇ ਆਧਾਰਿਤ ਹੈ , ਨਾਇਕ ਸੈਫੁੂਲ ਮਲੂਕ ਸੁਪਨੇ ’ਚ ਇਕ ਲੇਕ (ਝੀਲ) ਨੂੰ ਦੇਖਦਾ ਹੈ ਜਿਥੇ ਪਰੀਆਂ ਆਉਂਦੀਆਂ ਜਾਂਦੀਆਂ ਹਨ। ਉਸ ਸੁਪਨੇ ਨੂੰ ਪਾਉਣ ਲਈ ਉਹ ਇਕ ਲੰਬੀ ਯਾਤਰਾ ਕਰਦਾ ਹੈ। ਸੈਫੂਲ ਮਲੂਕ ਦਾ ਲੇਖਕ ਇਕ ਗੁੱਜਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਸ ਉਤੇ ਪੋਠੋਹਾਰੀ ਉਪਭਾਸ਼ਾ ਦਾ ਬਹੁਤ ਅਸਰ ਹੈ ਤੇ ਇਹ ਤੱਥ ਸਾਰੇ ਜਾਣਦੇ ਹਨ ਕਿ ਪੋਠੋਹਾਰ ਵਿਚ ਜੇਹਲਮ ਦਰਿਆ ਹੈ ਜਿਸ ਦੇ ਆਲੇ-ਦੁਆਲੇ ਪੋਠੋਹਾਰੀ ਹੀ ਬੋਲੀ ਜਾਂਦੀ ਹੈ।
ਇਹ ਹੀ ਕਾਰਣ ਹੈ ਕਿ ਸੈਫੂਲ ਮਲੂਕ ਵਿਚ ਅਰਬੀ ਫ਼ਾਰਸੀ ਦੇ ਬੇਅੰਤ ਸ਼ਬਦ ਸਮਾਏ ਹੋਏ ਹਨ। ਇਸ ਨੂੰ ਪੜਾ੍ਹਉਣ ਲਈ ਅਰਬੀ ਫ਼ਾਰਸੀ ਦਾ ਵਿਦਵਾਨ ਹੋਣਾ ਬਹੁਤ ਜ਼ਰੂਰੀ ਹੈ। ਮਿਰਜ਼ਾ ਮੁਹੰਮਦ ਬਖ਼ਸ਼ ਦਾ ਪਾਲਣ ਪੋਸ਼ਣ ਧਾਰਮਿਕ ਮਾਹੌਲ ਵਿਚ ਵਧੇਰੇ ਹੋਣ ਕਰਕੇ ਉਸ ਦੇ ਗਿਆਨ ਵਿਚ ਇਹਨਾਂ ਬੋਲੀਆਂ ਦੇ ਸ਼ਬਦ ਆ ਗਏ ਹਨ ਜੋ ਇਸ ਕਿੱਸੇ ਨੂੰ ਵਿਦਵਤਾ ਦੀ ਇਕ ਮਿਸਾਲ ਬਣ ਜਾਣ ਵਿਚ ਮਦਦ ਕਰਦੇ ਹਨ। ਸੈਫੂਲ ਮਲੂਕ ਨੂੰ ਪੜ੍ਹਨ ਪੜ੍ਹਾਉਣ ਲਈ ਅਰਬੀ ਫ਼ਾਰਸੀ ਦਾ ਗਿਆਨ ਹੋਣਾ ਜ਼ਰੂਰੀ ਹੈ।
ਇਹਨਾਂ ਸਤਰਾਂ ਦੇ ਲੇਖਕ ਨੇ ਇਹ ਕਿੱਸਾ ਐਮਏ ਵਿਚ ਪ੍ਰਸਿੱਧ ਵਿਦਵਾਨ ਪ੍ਰੋ. ਗੁਲਵੰਤ ਸਿੰਘ ਕੋਲੋਂ ਕਲਾਸ ਵਿਚ ਪੜ੍ਹਿਆ। ਇਸ ਕਿੱਸਾਕਾਰ ਦੀ ਮੌਤ ਬਾਰੇ ਅਨੇਕਾਂ ਪ੍ਰਕਾਰ ਦੇ ਵਿਚਾਰ ਪ੍ਰਗਟਾਏ ਜਾਂਦੇ ਹਨ। ਕਿੱਸੇ ਦੇ ਆਰੰਭ ਵਿਚ ਭੂਮਿਕਾ ਵਿਚ ਇਹ ਵਿਚਾਰ ਦਰਜ ਹਨ। ਕੁਝ ਲੇਖਕ ਇਹ ਦਾਅਵਾ ਪੇਸ਼ ਕਰਦੇ ਹਨ ਕਿ ਇਹ 1820-30 ਦੇ ਦਰਮਿਆਨ ਲਿਖੀ ਗਈ ਹੈ। ਪੰਜਾਬੀ ਕਿੱਸਾ ਕਵਿਤਾ ਵਿਚ ਇਹ ਦੋ ਮਹਾਨ ਕਵੀ ਵੱਖ-ਵੱਖ ਦੇਸ਼ਾਂ ਦੇ ਸਭਿਆਚਾਰ ਨੂੰ ਜੋੜਨ ਦਾ ਕੰਮ ਕਰਦੇ ਹਨ, ਸਾਡੇ ਕੋਲ ਸਾਹਿਤ ਦਾ ਅਮੁੱਕ ਖਜ਼ਾਨਾ ਹੈ। ਸਾਨੂੰ ਇਨ੍ਹਾਂ ਨੂੰ ਵਰਤਣ ਦੀ ਪੂਰੀ ਸਮਝਦਾਰੀ ਹੋਣੀ ਚਾਹੀਦੀ ਹੇੈ।