2023-02-05 07:58:11 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਤੀ 5 ਫਰਵਰੀ ਨੂੰ ਲੁਧਿਆਣਾ ਜਿਲੇ ਦੇ ਸਿਧਵਾਂ ਬੇਟ ਕਸਬੇ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿਖੇ ਰੇਤੇ ਦੀ ਖੱਡ ਆਮ ਲੋਕਾਂ ਲਈ ਖੋਲਣ ਦਾ ਰਸਮੀ ਉਦਘਾਟਨ 10 ਵਜੇ ਕਰਨਗੇ। ਦੱਸਣਯੋਗ ਹੈ ਕਿ ਇਸ ਰੇਤੇ ਦੀ ਖੱਡ ਤੇ ਪਿਛਲੀਆਂ ਸਰਕਾਰਾਂ ਵੇਲੇ ਰੇਤ ਮਾਫੀਆ ਦਾ ਬੋਲਬਾਲਾ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵੀ ਇਸ ਖੱਡ ਤੋਂ ਨਾਜਾਇਜ਼ ਮਾਈਨਿੰਗ ਦਾ ਰੌਲਾ ਪੈਂਦਾ ਰਿਹਾ। ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਦੋ ਦਿਨ ਪਹਿਲਾਂ ਪੰਜਾਬ ਕੈਬਨਿਟ ਦੇ ਫੈਸਲੇ ਤੋਂ ਬਾਅਦ ਰੇਤ ਮਾਫ਼ੀਆ ਨੂੰ ਠੱਲ੍ਹ ਪਾਉਣ ਲਈ ਅੱਜ ਸੱਤ ਜ਼ਿਲਿਆਂ ਵਿਚ 18 ਥਾਵਾਂ ਤੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜਿਥੇ ਕਿ ਰੇਤਾ ਪ੍ਰਤੀ ਫੁੱਟ ਕਿਉਬਕ 5:50 ਰੁਪਏ ਦੇ ਹਿਸਾਬ ਨਾਲ ਮਿਲੇਗਾ! ਖਬਰ ਵਾਲੇ ਡਾਟ ਕਾਮ ਨੂੰ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਖੱਡਾਂ ਤੇ ਟਿੱਪਰ / ਟਰੱਕ ਨੂੰ ਭਰਨ ਦੀ ਆਗਿਆ ਨਹੀਂ ਹੋਵੇਗੀ। ਦੱਸਿਆ ਕਿ ਇਨ੍ਹਾਂ ਖੱਡਾਂ ਤੇ ਆਮ ਪਿੰਡਾਂ ਦੇ ਲੋਕ ਆਪਣੇ ਘਰ ਬਣਾਉਣ ਲਈ ਟਰੈਕਟਰ ਟਰਾਲੀ ਉਪਰ ਭਰ ਕੇ ਲਿਜਾ ਸਕਣਗੇ। ਬੁਲਾਰੇ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ 50 ਥਾਵਾਂ ਤੇ ਆਮ ਲੋਕਾਂ ਲਈ ਰੇਤੇ ਵਾਲੀਆਂ ਖੱਡਾਂ ਖੋਲਣ ਜਾ ਰਹੀ ਹੈ ਜਿਸ ਨਾਲ ਬਲੈਕ ਚ ਮਿਲ ਰਹੇ ਰੇਤੇ ਦੀ ਕੀਮਤ ਵਿਚ ਭਾਰੀ ਗਿਰਾਵਟ ਆਵੇਗੀ ।