2023-02-01 17:11:21 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 31 ਜਨਵਰੀ (ਭੁਪਿੰਦਰ ਗਿੱਲ) -ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ "ਰੰਗਲਾ ਪੰਜਾਬ" ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਤਹਿਤ ਜ਼ਿਲ੍ਹੇ ਵਿੱਚ ਨਵੀਂਆਂ ਖੁੱਲ੍ਹੀਆਂ ਆਮ ਆਦਮੀ ਕਲੀਨਿਕਾਂ ਵਿੱਚ ਹਰ ਆਮ ਖ਼ਾਸ ਲੋਕਾਂ ਨੇ ਬਿਹਤਰ ਸਿਹਤ ਸਹੂਲਤਾਂ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ 05 ਨਵੇਂ ਆਮ ਆਦਮੀ ਕਲੀਨਿਕਾਂ ਵਿੱਚ 27 ਜਨਵਰੀ ਤੋਂ ਹੁਣ ਤੱਕ 582 ਤੋਂ ਵੱਧ ਲੋਕਾਂ ਨੇ ਮੁਫ਼ਤ ਇਲਾਜ ਦਾ ਲਾਭ ਲਿਆ ਅਤੇ ਕਰੀਬ 123 ਮਰੀਜ਼ਾਂ ਦੇ ਵੱਖ ਵੱਖ ਤਰ੍ਹਾਂ ਦੇ ਕਲੀਨੀਕਲ ਮੁਫ਼ਤ ਟੈੱਸਟਾਂ ਕੀਤੇ ਜਾ ਚੁੱਕੇ ਹਨ । ਮਾਲੇਰਕੋਟਲਾ ਸ਼ਹਿਰ ਵਿੱਚ ਪਹਿਲਾ ਸਥਾਪਿਤ ਦੋ ਆਮ ਆਦਮੀ ਕਲੀਨਿਕਾਂ ਪਿਛਲੇ 163 ਦਿਨਾਂ ਦੌਰਾਨ 30,364 ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ ਅਤੇ ਕਰੀਬ 4241 ਲੋੜਵੰਦਾਂ ਦੇ ਕਲੀਨੀਕਲ ਮੁਫ਼ਤ ਟੈੱਸਟਾਂ ਕੀਤੇ ਜਾ ਚੁੱਕੇ ਹਨ । ਹੁਣ ਤੱਕ ਜ਼ਿਲ੍ਹੇ ਦੇ ਸਮੁੱਚੇ 07 ਆਮ ਆਦਮੀ ਕਲੀਨਿਕ 30946 ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ 4364 ਮਰੀਜ਼ਾਂ ਦੇ ਮੁਫ਼ਤ ਕਲੀਨੀਕਲ ਟੈੱਸਟਾਂ ਦੀ ਸੁਵਿਧਾ ਦਾ ਲਾਭ ਲੋੜਵੰਦ ਲੈ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦਿੱਤੀ । ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਬਣਾਉਣ ਦਾ ਮੰਤਵ ਲੋਕਾਂ ਨੂੰ ਸ਼ੁਰੂਆਤੀ ਪੱਧਰ ’ਤੇ ਹੁੰਦੀਆਂ ਬਿਮਾਰੀਆਂ ਦੀ ਸਕਰੀਨਿੰਗ ਕਰਕੇ ਤੁਰੰਤ ਉੱਚ ਪੱਧਰ ਦਾ ਇਲਾਜ ਮੁਹੱਈਆ ਕਰਵਾਉਣਾ ਹੈ, ਤਾਂ ਜੋ ਸਮੇਂ ਸਿਰ ਇਲਾਜ ਮਿਲਣ ਨਾਲ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਆਮ ਲੋਕਾਂ ਨੂੰ ਚੰਗੀਆਂ,ਆਧੁਨਿਕ, ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਸਿਹਤ ਵਿਭਾਗ ਵੱਲੋਂ ਕੁਲ 07 ਆਮ ਆਦਮੀ ਕਲੀਨਿਕ ਕਾਰਜਸ਼ੀਲ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਵਿੱਚ 03 ਮਾਲੇਰਕੋਟਲਾ ਵਿਖੇ ਅਤੇ 04 ਪੇਂਡੂ ਖੇਤਰ ਵਿੱਚ ਕਾਰਜਸ਼ੀਲ ਹਨ । ਮਾਲੇਰਕੋਟਲਾ ਸ਼ਹਿਰ ਵਿਖੇ ਜਮਾਲਪੁਰਾ ਵਿਖੇ ,ਸਬ ਡਵੀਜ਼ਨ ਅਹਿਮਦਗੜ੍ਹ ਦੇ ਪਿੰਡ ਕੁੱਪ ਕਲਾਂ ਅਤੇ ਪਿੰਡ ਕੁਠਾਲਾ ਅਤੇ ਅਮਰਗੜ੍ਹ ਸਬ ਡਵੀਜ਼ਨ ਦੇ ਪਿੰਡ ਗਵਾਰਾ ਅਤੇ ਮੰਨਵੀ ਵਿਖੇ ਕਲੀਨਿਕ ਕਾਰਜਸ਼ੀਲ ਕੀਤੇ ਗਏ ਹਨ । ਇਨ੍ਹਾਂ ਤੋਂ ਪਹਿਲਾ ਪੁਰਾਣੀ ਤਹਿਸੀਲ ਕੰਪਲੈਕਸ ਅਤੇ ਦੂਜਾ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ. ਵਿਖੇ ਜ਼ਿਲ੍ਹੇ ਦੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਕਰਵਾ ਰਹੇ ਹਨ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਤਰਜੀਹੀ ਪ੍ਰੋਗਰਾਮ, ਆਮ ਆਦਮੀ ਕਲੀਨਿਕਾਂ ਨੂੰ ਜ਼ਿਲ੍ਹੇ ਵਿੱਚ ਚੁੰਗਾਂ ਹੁੰਗਾਰਾ ਮਿਲ ਰਿਹਾ ਹੈ ਇਨ੍ਹਾਂ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਬੁਨਿਆਦੀ,ਉੱਚ ਮਿਆਰੀ ਦੀਆਂ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ,ਮੁਫ਼ਤ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਦਿਨ ਪ੍ਰਤੀ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ ਆਮ ਬਿਮਾਰੀਆਂ ਦੀ ਜਾਂਚ ਅਤੇ ਕਲੀਨੀਕਲ ਟੈੱਸਟਾਂ ਸਮੇਤ ਵੱਖ-ਵੱਖ ਸੇਵਾਵਾਂ ਆਮ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਸਹਾਇਕ ਸਿਵਲ ਸਰਜਨ ਡਾ. ਸਜੀਲਾ ਖ਼ਾਨ ਨੇ ਦੱਸਿਆ ਕਿ ਅੱਜ ਤੱਕ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ ਜਮਾਲਪੁਰਾ ਵਿਖੇ 159,ਕੁੱਪ ਕਲਾ ਵਿਖੇ 151,ਕੁਠਾਲਾ 75,ਗਵਾਰਾ 77 ਅਤੇ ਮੰਨਵੀ 120 ਲੋੜਵੰਦ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ । ਇਸ ਤੋਂ ਇਲਾਵਾ ਪੁਰਾਣੀ ਤਹਿਸੀਲ ਕੰਪਲੈਕਸ ਵਿਖੇ 10,979 ਅਤੇ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ. ਵਿਖੇ ਜ਼ਿਲ੍ਹੇ ਦੇ 19,385 ਲੋੜਵੰਦ ਮਰੀਜ਼ ਮੁਫ਼ਤ ਇਲਾਜ ਦੀਆਂ ਸੁਵਿਧਾਵਾਂ ਦਾ ਲਾਭ ਲੈ ਚੁੱਕੇ ਹਨ । ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਮੈਡੀਕਲ ਅਫ਼ਸਰਾਂ ਵੱਲੋਂ ਮਰੀਜ਼ਾਂ ਦੀ ਬਿਮਾਰੀ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਵਿਅਕਤੀਆਂ ਦੇ ਖ਼ੂਨ ਦੇ ਸੈਂਪਲ ਲਏ ਗਏ, ਉਨ੍ਹਾਂ ਸੈਂਪਲਾਂ ਨੂੰ ਸਿਵਲ ਹਸਪਤਾਲ ਵਿਖੇ ਅਤਿ-ਆਧੁਨਿਕ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ। ਮਰੀਜ਼ ਦੀ ਸੁਵਿਧਾ ਲਈ ਅਗਲੇ ਦਿਨ ਰਿਪੋਰਟ ਆਉਣ ਉਪਰੰਤ ਉਸ ਨੂੰ ਮੋਬਾਇਲ 'ਤੇ ਭੇਜੀ ਜਾ ਰਹੀ ਹੈ । ਇਨ੍ਹਾਂ ਕਲੀਨਿਕਾਂ ਦੇ ਖੁੱਲਣ ਨਾਲ ਸਰਕਾਰੀ ਹਸਪਤਾਲਾਂ ਦਾ ਬੋਝ ਘਟੇਗਾ ਅਤੇ ਇਸ ਤਰ੍ਹਾਂ ਹਸਪਤਾਲ ’ਚ ਦਾਖਲ ਮਰੀਜ਼ਾਂ ਨੂੰ ਵਧੀਆ ਦੇਖ-ਭਾਲ ਦੀ ਸੁਵਿਧਾ ਮੁਹੱਈਆ ਹੋ ਸਕੇਗੀ। ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ 170 ਤਰ੍ਹਾਂ ਦੀਆਂ ਦਵਾਈਆਂ, 48 ਤਰ੍ਹਾਂ ਦੇ ਕਲੀਨੀਕਲ ਮੁਫ਼ਤ ਟੈੱਸਟਾਂ ਮੁਫ਼ਤ ਕੀਤੇ ਜਾ ਰਹੇ ਹਨ ।
ਸਹਾਇਕ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਕਲੀਨਿਕਾਂ ਰਾਹੀਂ ਇਲਾਜ ਦੀਆਂ ਬਿਹਤਰ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਆਮ ਆਦਮੀ ਕਲੀਨਿਕਾਂ ਖੁੱਲਣ ਦਾ ਸਮਾਂ ਸਰਦੀਆਂ ਵਿਚ ਸਵੇਰੇ 09 ਵਜੇ ਤੋਂ ਦੁਪਹਿਰ 03 ਵਜੇ ਤੱਕ ਤੇ ਗਰਮੀਆਂ ਵਿਚ ਸਵੇਰੇ 08 ਵਜੇ ਤੋਂ ਦੁਪਹਿਰ 02 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ।