2023-01-30 18:21:21 ( ਖ਼ਬਰ ਵਾਲੇ ਬਿਊਰੋ )
ਮਰਹੂਮ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੁਣ ਇਸ ਦੁਨੀਆਂ 'ਤੇ ਨਹੀਂ ਹੈ ਪਰ ਉਸਦੇ ਪ੍ਰਸ਼ੰਸਕਾਂ ਨੇ ਉਸਨੂੰ ਅੱਜ ਵੀ ਆਪਣੇ ਦਿਲਾਂ 'ਚ ਰੱਖਿਆ ਹੋਇਆ ਹੈ। ਅੱਜ ਦੇ ਸਮੇਂ ਵੀ ਸਿੱਧੂ ਮੂਸੇਵਾਲਾ ਦਾ ਨਾਮ ਦੁਨੀਆਂ ਭਰ ਵਿੱਚ ਗੂੰਜ ਰਿਹਾ ਹੈ। ਸਿੱਧੂ ਦੇ ਪ੍ਰਸ਼ੰਸਕਾਂ ਦੀ ਦੀਵਾਨਗੀ ਦੇਖਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸ ਦੌਰਾਨ ਅਮਰੀਕਾ ਤੋਂ ਆਈ ਇੱਕ ਫੈਨ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਭਾਵੁਕ ਕਰ ਦਿੱਤਾ। ਸਿੱਧੂ ਦੀ ਇਸ ਫ਼ੈਨ ਨੇ ਸਿੱਧੂ ਦੀ ਮਾਤਾ ਨੂੰ ਆਪਣੀ ਬਾਹਾਂ 'ਤੇ ਬਣੇ ਟੈਟੂ ਦਿਖਾਏ। ਉਹ ਟੈਟੂ ਦੇਖ ਨਾ ਸਿਰਫ ਸਿੱਧੂ ਦੀ ਮਾਤਾ ਸਗੋਂ ਉਸਦੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ। ਸਿੱਧੂ ਦੀ ਮਾਤਾ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸਿੱਧੂ ਦੇ ਇੱਕ ਗੀਤ ਦੇ ਬੋਲ ਸਨ ਕਿ "ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ, ਮੇਰੇ ਯਾਰਾਂ ਦੀਆਂ ਬਾਹਾਂ 'ਤੇ ਮੇਰੇ ਟੈਟੂ ਬਣਨੇ।" ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਕਈ ਪ੍ਰਸ਼ੰਸਕਾਂ ਵੱਲੋਂ ਆਪਣੀਆਂ ਬਾਹਾਂ 'ਤੇ ਟੈਟੂ ਬਣਵਾਏ ਗਏ।
ਇਨ੍ਹਾਂ ਵਾਇਰਲ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ ਦੀ ਇਸ ਕੁੜੀ ਨੇ ਆਪਣੀ ਇੱਕ ਬਾਂਹ 'ਤੇ ਸਿੱਧੂ ਦੀ ਤਸਵੀਰ ਵਾਲਾ ਟੈਟੂ ਬਣਵਾਇਆ ਹੋਇਆ ਹੈ। ਇਸਦੇ ਨਾਲ ਹੀ ਉਸਨੇ ਦੂਜੀ ਬਾਂਹ 'ਤੇ ਸਿੱਧੂ ਦੇ ਬੋਲਾਂ ਦਾ ਵੀ ਟੈਟੂ ਬਣਾਇਆ ਹੋਇਆ ਹੈ।