2023-01-29 21:36:54 ( ਖ਼ਬਰ ਵਾਲੇ ਬਿਊਰੋ )
ਕਾਵਿ ਮਹਿਫ਼ਲਾਂ ਵਿੱਚ ਗੱਫਿਆਂ ਦੇ ਗੱਫੇ ਦਾਦ ਦੇਣ ਵਾਲਾ, ਉੱਚੀ ਉੱਚੀ ਹੱਸਣ ਵਾਲਾ, ਜ਼ਿੰਦਾਦਿਲ ਇਨਸਾਨ ਅੰਦਰੋਂ ਐਨਾ ਗਹਿਰ ਗੰਭੀਰ ਹੋਵੇਗਾ, ਮੈੰ ਸੋਚਿਆ ਹੀ ਨਹੀਂ ਸੀ।
ਪਹਿਲੀ ਵਾਰ ਹਰਮੀਤ ਵਿਦਿਆਰਥੀ ਨੂੰ ਫਿਰੋਜ਼ਪੁਰ ਵਿਖੇ ਲੱਗੇ ਇੱਕ ਸੈਮੀਨਾਰ ਵਿੱਚ ਵੇਖਿਆ। ਖੱਦਰ ਦਾ ਕੁੜਤਾ ਪਜਾਮਾ ਪਾਈ ਕਵਿਤਾ ਪੜ੍ਹਦਾ ਮੈਨੂੰ ਉਹ ਕੋਈ ਫ਼ੱਕਰ ਫ਼ਕੀਰ ਹੀ ਜਾਪਿਆ ਸੀ।
ਮੋਗੇ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਸਮਾਗਮ ਵਿੱਚ ਉਸ ਦਾ ਹਰ ਕਵੀ ਨੂੰ ਗੌਰ ਨਾਲ ਸੁਣਨਾ ਤੇ ਦਾਦ ਦੇਣਾ ਬੜਾ ਚੰਗਾ ਲੱਗਾ । ਉਦੋਂ ਹੀ ਲੱਗਾ ਉਸ ਅੰਦਰ ਵਡੱਪਣ ਦਾ ਗਰੂਰ ਨਹੀਂ ਸਥਾਪਤ ਕਵੀਆਂ ਵਾਂਗ ਸੰਜੀਦਾ ਦਿਸਣ ਦਾ ਗਿਲਾਫ਼ ਨਹੀਂ ਚਾੜ੍ਹਿਆ , ਕੋਈ ਬੋਅ ਨਹੀਂ, ਸਗੋਂ ਹਰ ਕਵੀ ਦੀ ਰਚਨਾ ਨੂੰ ਮਾਣਦਾ ਹੈ। ਪੰਦਰਾਂ ਅਗਸਤ ਦੇ ਦੁਖਾਂਤ ਸੰਬੰਧੀ ਹੋਏ ਸਮਾਗਮ ਵਿੱਚ ਜਾਣਿਆ ਕਿ ਵੰਡ ਦੇ ਕਹਿਰ ਦਾ ਦਰਦ ਉਸ ਦੇ ਦਿਲ ਵਿੱਚ ਸਮਾਇਆ ਹੋਇਆ ਹੈ।
ਇਸੇ ਕਰਕੇ ਇਹ ਕਿਤਾਬ ਮਿਲਦੇ ਸਾਰ ਹੀ ਪੜ੍ਹਨ ਲਈ। ਪਹਿਲੀ ਹੀ ਕਵਿਤਾ 'ਦਿਸ਼ਾਹੀਣ' ਵਿੱਚ ਦਿਸ਼ਾ ਨਿਰਧਾਰਨ ਦਾ ਮਸਲਾ ਦਿਲ ਨੂੰ ਖਿੱਚ ਪਾ ਗਿਆ । ਬਹੁਤ ਸਾਰੀਆਂ ਕਵਿਤਾਵਾਂ ਵਿਚ ਇਤਿਹਾਸ ਮਿਥਿਹਾਸ ਦੇ ਗੂੜ ਗਿਆਨ ਵਿੱਚੋਂ ਨਿਕਲੇ ਬਿੰਬ ,ਵਿਅੰਗ, ਕਟਾਖਸ਼ ਹਨ। 'ਮੈਂ ਹਾਜ਼ਰ ਹਾਂ' ਕਵਿਤਾ ਵਿੱਚੋਂ ਉਦਾਹਰਨ ਪੇਸ਼ ਹੈ :-
"ਆਪਣੇ ਵਕਤਾਂ ਦਾ ਪੋਰਸ ਹਾਂ
ਹਾਰਿਆ ਹੋਇਆ ਹੀ ਸਹੀ
ਅੰਤਲੇ ਸਾਹਾਂ ਤੱਕ ਲੜਾਂਗਾ"
" ਮੈਂ ਅੰਬੀ ਰਾਜਾ ਨਹੀਂ ਹਾਂ
ਜੋ ਆਪਣੀਆਂ ਸੇਵਾਵਾਂ
ਸਿਕੰਦਰ ਨੂੰ ਭੇਟ ਕਰ ਦਿਆਂਗਾ ।"
'ਦਵੰਦ' ਕਵਿਤਾ ਵਿੱਚ ਉਹ ਲਿਖਦਾ ਹੈ :-
"ਹਰ ਬੰਦੇ ਅੰਦਰ
ਇਹ ਈਸਾ ਹੁੰਦਾ
ਤੇ ਇੱਕ ਪਿਤਰਸ ਵੀ ।"
'ਚੌਰਸ ਗਲੋਬ' ਵਿੱਚ ਉਹ ਕਹਿੰਦਾ ਹੈ -
"ਉਹ ਤਾਂ ਮੈਨੂੰ ਹਰਾਉਣ ਲਈ
ਭੀਸ਼ਮ ਪ੍ਰਤਿਗਿਆ ਕਰਕੇ ਆਏ ਹਨ
ਮੈਂ ਕੋਈ ਕ੍ਰਿਸ਼ਨ ਨਹੀਂ ਹਾਂ
ਸੁਦਰਸ਼ਨ ਚੱਕਰ ਹੀਣਾ
- - - - - - - - -
ਉਹ ਮੈਨੂੰ ਜ਼ਹਿਰ ਪੀਣ ਦਾ
ਹੁਕਮ ਜਾਰੀ ਕਰ ਰਹੇ ਹਨ
ਮੈਂ ਸੁਕਰਾਤ ਨਹੀਂ । "
ਕਵੀ ਪਾਣੀਆਂ ਦੀ ਨਿਰਮਲਤਾ ਬਰਕਰਾਰ ਰੱਖਣ ਲਈ, ਹਨੇਰੇ ਵਰਤਮਾਨ ਨੂੰ ਰੌਸ਼ਨੀ ਨਾਲ ਭਰਨ ਲਈ ,ਕੁਰਸੀ ਦੇ ਸਰਾਪ ਤੋਂ ਮੁਕਤੀ ਲਈ, ਚੌਕਾਂ ਦੀ ਰੌਣਕ ਮੋੜ ਲਿਆਉਣ ਲਈ,ਆਪਣੇ ਪਿੰਡਾਂ ਨੂੰ ਸਿਆਸਤ ਦੀਆਂਂ ਸਾਜਿਸ਼ਾਂ ਤੋਂ ਬਚਾਉਣ ਲਈ ਨਜ਼ਮਾਂ ਦੀਆਂ ਸਤਰਾਂ ਨਾਲ ਹਾਜ਼ਰ ਹੁੰਦਾ ਹੈ । ਉਲਝੇ ਹੋਏ ਮਨ ਦੀ ਤਾਣੀ ਨੂੰ ਨਜ਼ਮ ਲਿਖ ਸੁਲਝਾਉਣ ਦਾ ਯਤਨ ਕਰਦਾ ਹੈ ।
ਬੀਤੇ ਸਮਿਆਂ ਵਿਚ ਕਹਿਰ ਦੀ ਵਗੀ ਹਨੇਰੀ ਦਾ ਉਹਦੇ ਦਿਲ ਵਿੱਚ ਦਰਦ ਹੈ। 'ਦਾਦੀ ਮਾਂ ਤੇ ਕੋਕੋ' ਅਤੇ 'ਜ਼ਖਮੀ ਖ਼ਤ' ਕਵਿਤਾ ਪੜ੍ਹਦੇ ਸਮੇਂ ਉਸ ਦਰਦ ਦਾ ਬਿਆਨ ਪਾਠਕ ਦੀਆਂ ਅੱਖਾਂ ਵਿਚੋਂ ਅੱਥਰੂ ਵਹਾਉਣ ਲਈ ਮਜਬੂਰ ਕਰਦਾ ਹੈ। ਪੁਸਤਕ ਪੜ੍ਹਦਿਆਂ ਕਈ ਕਵਿਤਾਵਾਂ ਧੁਰ ਅੰਦਰ ਤੱਕ ਲਹਿ ਗਈਆਂ। ਜਿਵੇਂ -
1. "ਪੜ੍ਹ-ਤੁਮ ਦਿੱਲੀ ਦਿਆ ਹਾਕਮਾਂ
ਲਿਖਤਮ ਜਾਗ ਰਹੀ ਚੇਤਨਾ
... ... ............….......
ਤੈਨੂੰ ਤੇਰੇ ਪੂਰਵਜਾਂ ਦੇ
ਬੀਜੇ ਕੰਡਿਆਂ ਦੀ ਯਾਦ ਦੁਆਵਾਂ
ਜਿਨ੍ਹਾਂ ਨੂੰ ਚੁਗਣ ਦੇ ਯਤਨਾਂ 'ਚ
ਛਿੱਜਿਆ ਗਿਆ ਹੈ ਮੇਰਾ ਪੰਜਾਬ।"
2. "ਮੈਂ ਵੰਝਲੀਆਂ ਦਾ ਆਸ਼ਕ
ਸੰਗੀਨਾਂ ਦਾ ਵਣਜ ਕਰਨ ਤੁਰ ਪੈਂਦਾ ਹਾਂ।"
3. ਕਿਉਂ ਅਣਸੁਣੀਆਂ ਕਰਦੈਂ
ਤੈਨੂੰ ਨਜ਼ਰ ਨਾ ਆਂਵਦਾ
ਖੇਤਾਂ ਦੇ ਵਿੱਚ ਉੱਗ ਰਹੀਆਂ ਖ਼ੁਦਕੁਸ਼ੀਆਂ
ਭੁੱਖੇ ਮਰ ਰਹੇ ਨੇ ਲੇਬਰ ਚੌਕ .…l"
ਕਵੀ ਦੇ ਮਨ ਅੰਦਰ ਨਿੱਕੇ ਮੋਟੇ ਰੁਜ਼ਗਾਰ ਚਲਾਉਂਦੇ ਦੁਕਾਨਦਾਰਾਂ ਲਈ ਫ਼ਿਕਰ ਹੈ ਜਿੰਨ੍ਹਾਂ ਨੂੰ ਤੇਜ਼ੀ ਨਾਲ ਵਧ ਰਹੇ ਬਜ਼ਾਰੀਕਰਨ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਰਿਸ਼ਤਿਆਂ ਵਿਚਲੇ ਖਲਾਅ ਅਤੇ ਮਨੁੱਖ ਅੰਦਰ ਆ ਰਹੇ ਸਵਾਰਥ ਦੀ ਭਾਵਨਾ ਦਾ ਜ਼ਿਕਰ ਉਹ ਬਾਖ਼ੂਬੀ ਕਰਦਾ ਹੈ :-
" ਰੋਜ਼ ਕਿਸੇ ਨੁੱਕਰੇ
ਚਾਹ ਦਾ ਖੋਖਾ
ਪਕੌੜਿਆਂ ਦੀ ਰੇਹੜੀ
ਮਨਿਆਰੀ ਦੇ ਸਟਾਲ
ਖੁਦਕਸ਼ੀ ਲਈ
ਮਜਬੂਰ ਕਰ ਦਿੱਤੇ ਜਾਂਦੇ ਨੇ ।
" ਆਪਣੇ ਬੱਚਿਆਂ ਲਈ
ਹੁਣ ਮੈਂ
ਮੁਹੱਬਤ ਨਹੀਂ
ਬਜ਼ਾਰ ਮੁਹੱਈਆ ਕਰਦਾ ਹਾਂ....
... ਸੋਚਦਾ ਹਾਂ ਸ਼ਹਿਰ ਵਿੱਚ
ਇਹ ਕਿਹੜਾ ਦਿਓ ਫਿਰ ਗਿਆ ਹੈ
ਕਿ ਹਰ ਕੋਈ ਦੌੜ ਜਾਣਾ ਚਾਹੁੰਦਾ ਹੈ।"
ਸੰਤਾਲੀ ਦੀ ਵੰਡ ਦਾ ਦੁਖਾਂਤ ਲੇਖਕ ਦੇ ਨਿੱਜ ਦੀ ਪੀੜ੍ਹਾ ਨਾਲ ਸੰਬੰਧਿਤ ਹੈ। ਆਪਣੇ ਬਜ਼ੁਰਗਾਂ ਦੇ ਪਿੰਡੇ ਤੇ ਹੰਡਾਇਆ ਦਰਦ ਉਸਦੇ ਦਿਲ ਵਿੱਚ ਡੂੰਘਾ ਸੱਲ ਲਾਈ ਬੈਠਾ ਹੈ :-
" ਤੂੰ ਤਰਸੇਂ
ਚੱਕ ਹਰਾਜ ਦੀ ਮਿੱਟੀ ਨੂੰ
ਮੇਰੇ ਮਨ ਵਿੱਚ ਲੋਚਾ
ਜੰਡਵਾਲੇ ਨੂੰ ਵੇਖਣ ਦੀ।"
' ਨਹੀਂ ਇਹ ਕੋਈ ਨਜ਼ਮ ਨਹੀਂ' ਕਵਿਤਾ ਵਿਯੋਗ ਵਿੱਚ ਡੁੱਬੇ ਇਨਸਾਨ ਦੀ ਗਾਥਾ ਹੈ :-
" ਉਹ ਇਨ੍ਹਾਂ ਦਿਨਾਂ ਨੂੰ
ਹੱਲਿਆਂ ਦੇ ਦਿਨ ਆਖਦਾ ਸੀ
ਪੰਦਰਾਂ ਅਗਸਤ ਨੂੰ
ਉੱਚੀ-ਉੱਚੀ ਹੱਸਦਾ
"ਉਜਾੜੇ ਦਾ ਭਲਾ ਕਾਹਦਾ ਜਸ਼ਨ?
ਮੇਰਾ ਅਨਪੜ ਦਾਦਾ
ਕਿੱਡਾ ਵੱਡਾ ਸੱਚ ਜਾਣਦਾ ਸੀ।"
'ਕੀ ਹੈ ਰਿਸ਼ਤਾ ਆਪਣਾ' ਕਵਿਤਾ ਵਿੱਚ ਉਹ ਲਿਖਦਾ ਹੈ,
"ਬਹੁਤ ਚੰਗਾ ਲਗਦਾ ਸੀ
ਦਾਦੇ ਨੂੰ ਸੁੱਤੇ ਰਹਿਣਾ
ਪਲਕਾਂ ਬੰਦ ਹੁੰਦੇ ਸਾਰ ਹੀ
ਉਹ ਕਰਦਾ ਸੈਰ ਲਹੌਰ ਦੀ।"
ਸੁਖਜਿੰਦਰ ਦੁਆਰਾ ਸੂਝ ਨਾਲ ਕੀਤੀ ਕਵਿਤਾਵਾਂ ਦੀ ਚੋਣ ਬਾਕਮਾਲ ਹੈ ।
ਅਮਰਪ੍ਰੀਤ ਕੌਰ
ਮੋਗਾ