ਤਿਉਹਾਰਾਂ ਦੇ ਸੀਜ਼ਨ 'ਚ ਆਮ ਜਨਤਾ ਨੂੰ ਵੱਡਾ ਝਟਕਾ,ਅਮੂਲ ਅਤੇ ਵੇਰਕਾ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ
2022-10-15 12:01:23 ( ਖ਼ਬਰ ਵਾਲੇ ਬਿਊਰੋ
)
ਨਵੀਂ ਦਿੱਲੀ— ਆਮ ਆਦਮੀ ਦੀ ਜੇਬ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਮੂਲ ਅਤੇ ਵੇਰਕਾ ਬ੍ਰਾਂਡ ਨੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਫੁੱਲ ਕਰੀਮ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 63 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ ਜੋ ਪਹਿਲਾਂ 61 ਰੁਪਏ ਪ੍ਰਤੀ ਲੀਟਰ ਸੀ।
ਅਮੂਲ ਦੁਆਰਾ ਵਧਾਈਆਂ ਗਈਆਂ ਦੁੱਧ ਦੀਆਂ ਕੀਮਤਾਂ ਵਿੱਚ ਇਹ ਤੀਜਾ ਵਾਧਾ ਹੈ। ਇਸ ਤੋਂ ਪਹਿਲਾਂ, ਮਸ਼ਹੂਰ ਦੁੱਧ ਬ੍ਰਾਂਡ ਅਮੂਲ ਅਤੇ ਮਦਰ ਡੇਅਰੀ ਨੇ ਪਿਛਲੀ ਵਾਰ ਅਗਸਤ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ ਤਾਂ ਜੋ ਖਰੀਦ ਲਾਗਤ ਵਿੱਚ ਵਾਧੇ ਦੀ ਭਰਪਾਈ ਕੀਤੀ ਜਾ ਸਕੇ। ਕੀਮਤਾਂ ਵਿੱਚ ਆਖਰੀ ਵਾਰ ਮਾਰਚ ਵਿੱਚ ਵਾਧਾ ਕੀਤਾ ਗਿਆ ਸੀ। ਹਾਲਾਂਕਿ, ਦੁੱਧ ਦੀ ਕੀਮਤ ਵਿੱਚ ਵਾਧੇ ਬਾਰੇ ਕੰਪਨੀ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਅੱਜ ਦੀ ਵਧੀ ਹੋਈ ਕੀਮਤ ਘਰੇਲੂ ਬਜਟ ਨੂੰ ਪ੍ਰਭਾਵਿਤ ਕਰ ਸਕਦੀ ਹੈ, ਕਿਉਂਕਿ ਦੁੱਧ ਸਭ ਤੋਂ ਵੱਧ ਖਪਤ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ। ਨਵੇਂ ਰੇਟਾਂ ਅਨੁਸਾਰ ਅਮੂਲ ਸ਼ਕਤੀ ਦੁੱਧ ਹੁਣ 50 ਰੁਪਏ ਪ੍ਰਤੀ ਲੀਟਰ, ਅਮੂਲ ਗੋਲਡ 62 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਟਾਜ਼ਾ 56 ਰੁਪਏ ਪ੍ਰਤੀ ਲੀਟਰ, ਫੁੱਲ ਕਰੀਮ ਦੁੱਧ 63 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਸੀ।