2021-03-03 21:35:35 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ :- ਅੱਜ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਤੀਜੇ ਦਿਨ ਉਸ ਸਮੇਂ ਬੀਜੇਪੀ ਦੀ ਨੁਮਾਇੰਦਗੀ ਕਰਨ ਵਾਲਾ ਵਿਧਾਇਕ ਅਰੁਣ ਨਾਰੰਗ ਕਸੂਤੀ ਸਥਿਤੀ ਚ ਫਸ ਗਿਆ ਜਦੋਂ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੀ ਸੀਟ ਤੇ ਖੜ੍ਹੇ ਹੋ ਕੇ ਉਸਦਾ ਵਿਰੋਧ ਜਤਾ ਦਿੱਤਾ। ਉਸ ਤੋਂ ਬਾਅਦ ਹੀ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਤੇ ਹੋਰ ਅੱਧੀ ਦਰਜਨ ਦੇ ਕਰੀਬ ਵਿਧਾਇਕ ਖੜ੍ਹੇ ਹੋ ਕੇ ਕਿਸਾਨੀ ਮੁੱਦੇ ਤੇ ਸਟੈਂਡ ਲੈ ਗਏ । ਹੋਇਆ ਇੰਜ ਬੀਜੇਪੀ ਦੇ ਦੋ ਵਿਧਾਇਕਾਂ ਚੋਂ ਇਕ ਵਿਧਾਇਕ ਨੇ ਗਵਰਨਰ ਦੇ ਭਾਸ਼ਣ ਤੇ ਬਹਿਸ ਵਿਚ ਸ਼ਾਮਿਲ ਹੋਣਾ ਸੀ । ਜਦੋਂ ਵਿਧਾਇਕ ਅਰੁਨ ਨਾਰੰਗ ਗਵਰਨਰ ਦੇ ਭਾਸ਼ਣ ਤੇ ਬੋਲਣ ਲਈ ਆਪਣੀ ਸੀਟ ਤੇ ਖੜ੍ਹੇ ਹੋਏ ਤਾਂ ਉਸ ਸਮੇਂ ਦਲਵੀਰ ਸਿੰਘ ਗੋਲਡੀ ਨੇ ਉਸ ਨੂੰ ਪੰਜਾਬ ਵਿਧਾਨ ਸਭਾ ਚ ਬੋਲਣ ਤੋਂ ਪਹਿਲਾਂ ਉਸ ਦਾ ਖੇਤੀ ਕਾਨੂੰਨਾਂ ਸਬੰਧੀ ਸਟੈਂਡ ਪੁੱਛਿਆ । ਭਾਵੇਂ ਉਸ ਤੋਂ ਬਾਅਦ ਬੀਜੇਪੀ ਵਿਧਾਇਕ ਨਾਰੰਗ ਨੇ ਆਪਣਾ ਰਲਿਆ ਮਿਲਿਆ ਪ੍ਰਤੀਕਰਮ ਦੇਣਾ ਸ਼ੁਰੂ ਕੀਤਾ ਤਾਂ ਵਿਧਾਇਕ ਦ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਵਿਧਾਇਕਾਂ ਨੇ ਉਸ ਨੂੰ ਬੋਲਣ ਨਾ ਦਿੱਤਾ । ਸਾਹਮਣੇ ਵਿਰੋਧ ਹੋਣ ਤੋਂ ਬਾਅਦ ਉਹ ਖ਼ੁਦ ਹੀ ਆਪਣੀ ਸੀਟ ਤੇ ਬੈਠ ਗਿਆ ।