2021-02-27 22:05:54 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ 27 ਫਰਵਰੀ (ਰਣਧੀਰ ਬੌਬੀ) :- ਟਿੱਕਰੀ ਬਾਰਡਰ 'ਤੇ ਬੀਕੇਯੂ ਏਕਤਾ ਉਗਰਾਹਾਂ ਦੀ ਸਟੇਜ ਤੋਂ ਅੱਜ ਦਾ ਦਿਨ ਭਗਤ ਰਵਿਦਾਸ ਦੇ ਜਨਮ ਦਿਨ , ਚੰਦਰਸ਼ੇਖਰ ਆਜ਼ਾਦ ਅਤੇ ਬੱਬਰ ਅਕਾਲੀਆਂ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਤ ਕੀਤਾ ਗਿਆ । ਅੱਜ ਦੇ ਜੁੜੇ ਵਿਸ਼ਾਲ ਇਕੱਠ ਸੰਬੋਧਨ ਕਰਦਿਆਂ ਗੁਰਸ਼ਰਨ ਸਿੰਘ ਸਲਾਮ ਕਲਾ ਕਾਫਲੇ ਦੇ ਕਨਵੀਨਰ ਜਸਪਾਲ ਜੱਸੀ ਨੇ ਸੈਂਕੜੇ ਵਰ੍ਹੇ ਪਹਿਲਾਂ ਗੁਰੂ ਰਵਿਦਾਸ ਵੱਲੋਂ ਜਾਤਪਾਤੀ ਵਿਤਕਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਬੇਗਮਪੁਰਾ ਵਸਾਉਣ ਦੇ ਅਰਥਾਂ ਦਾ ਮਹੱਤਵ ਉਭਾਰਿਆ ।ਉਨ੍ਹਾਂ ਕਿਹਾ ਕਿ ਉਸ ਸਮੇਂ ਜਦੋਂ ਵੇਲੇ ਦੇ ਹਾਕਮਾਂ ਦੀ ਗਿਣੀ ਮਿਥੀ ਨੀਤੀ ਦੇ ਤਹਿਤ ਅਖੌਤੀ ਨੀਵੀਂਆਂ ਜਾਤਾਂ ਦੇ ਲੋਕਾਂ ਤੇ ਬੇਤਹਾਸ਼ਾ ਜ਼ਬਰ ਢਾਹਿਆ ਜਾ ਰਿਹਾ ਸੀ ਜਾਤਪਾਤੀ ਪ੍ਰਬੰਧ ਖਿਲਾਫ ਅਵਾਜ਼ ਬੁਲੰਦ ਕਰਨਾ ਸਾਧਾਰਨ ਗੱਲ ਨਹੀਂ ਸੀ ਸਗੋਂ ਜੋਖਮ ਭਰਿਆ ਕਾਰਜ਼ ਸੀ। ਉਹਨਾਂ ਕਿਹਾ ਕਿ ਭਗਤ ਰਵਿਦਾਸ ਵੱਲੋਂ ਬੇਗਮਪੁਰਾ ਵਸਾਉਣ ਦੀ ਹੇਕ ਉੱਚੀ ਕਰਦਿਆਂ ਲੁੱਟ ਜ਼ਬਰ ਤੇ ਹਰ ਕਿਸਮ ਦੇ ਵਿਤਕਰਿਆ ਤੋਂ ਮੁਕਤ ਨਿਜ਼ਾਮ ਸਿਰਜਣ 'ਤੇ ਜ਼ੋਰ ਦਿੱਤਾ ।ਉਨ੍ਹਾਂ ਗੈਰ ਪਾਰਟੀ ਅਤੇ ਧਰਮ ਨਿਰਲੇਪ ਲੀਹਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਅੰਦੋਲਨ ਨੂੰ ਹੋਰ ਸੁਚੇਤ ਰਹਿ ਕੇ ਸਰਕਾਰ ਦੀਆਂ ਧਾਰਮਕ ਫ਼ਿਰਕੂ ਰੰਗਤ ਦੇਣ ਵਾਲੀਆਂ ਚਾਲਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਤੇ ਇਸ ਉੱਤੇ ਇੱਕ ਵਿਸ਼ੇਸ਼ ਫ਼ਿਰਕੇ ਦੀ ਰੰਗਤ ਚਾੜ੍ਹਨਾ ਚਾਹੁੰਦੀਆਂ ਤਾਕਤਾਂ ਤੋਂ ਰਾਖੀ ਲਈ ਦ੍ਰਿੜਤਾ ਨਾਲ ਡਟੇ ਰਹਿਣ ਦੀ ਲੋੜ ਹੈ । ਉਹਨਾਂ ਜ਼ੋਰ ਦੇਕੇ ਕਿਹਾ ਬੀਤੇ ਸਮਿਆਂ ਦੌਰਾਨ ਸਿਖਰਾਂ 'ਤੇ ਪਹੁੰਚੇ ਕਿਸਾਨ ਘੋਲਾਂ ਨੂੰ ਧਾਰਮਿਕ ਫ਼ਿਰਕੂ ਰੰਗਤ ਚਾੜ੍ਹਕੇ ਇਹਨਾਂ ਨੂੰ ਫੇਟ ਮਾਰਨ ਦਾ ਇਤਿਹਾਸ ਗਵਾਹ ਹੈ ਅਤੇ ਮੌਜੂਦਾ ਘੋਲ਼ ਨੂੰ ਲੀਹੋਂ ਲਾਹੁਣਾ ਚਾਹੁੰਦੀਆਂ ਕਿਸਾਨ ਵਿਰੋਧੀ ਤਾਕਤਾਂ ਤੋਂ ਇਸਦੀ ਰਾਖੀ ਅਣਸਰਦੀ ਲੋੜ ਹੈ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੁਰੂ ਰਵਿਦਾਸ ਵੱਲੋਂ ਵਿਚਾਰਾਂ ਦੇ ਆਧਾਰ 'ਤੇ ਅਤੇ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ ਤੇ ਬੱਬਰ ਅਕਾਲੀ ਲਹਿਰ ਦਾ ਨਿਸ਼ਾਨਾ ਸਮੇਂ ਦੇ ਲੋਕ ਦੁਸ਼ਮਣ ਹਾਕਮ ਸਨ । ਉਹਨਾਂ ਕਿਹਾ ਕਿ ਮੁਗਲ ਅਤੇ ਅੰਗਰੇਜ਼ ਸਾਮਰਾਜ ਵੱਲੋਂ ਧਰਮਾਂ ਅਤੇ ਜਾਤਾਂ ਦੇ ਨਾਂ ਤੇ ਪਾੜ ਕੇ ਕਿਰਤੀ ਲੋਕਾਂ ਦੀ ਲੁੱਟ ਕਰਨ ਦੇ ਨਾਲ਼ ਅੰਨਾ ਜਬਰ ਢਾਹਿਆ ਜਾ ਰਿਹਾ ਸੀ ਅਤੇ ਇਨ੍ਹਾਂ ਜਾਬਰ ਹਕੂਮਤਾਂ ਤੋਂ ਆਜ਼ਾਦੀ ਲਈ ਹੀ ਸਾਡੇ ਅਨੇਕਾਂ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਸੁਪਰ ਮੁਨਾਫਿਆਂ ਦੀ ਗਰੰਟੀ ਲਈ ਮੌਜੂਦਾ ਖੇਤੀ ਕਾਨੂੰਨ ਲਿਆਂਦੇ ਗਏ ਹਨ ਜ਼ੋ ਪਹਿਲਾਂ ਹੀ ਬੁਰੀ ਤਰ੍ਹਾਂ ਲੁੱਟੇ ਜਾ ਰਹੇ ਕਿਰਤੀ ਕਿਸਾਨਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਦਾ ਸਾਧਨ ਬਣਨਗੇ। । ਉਹਨਾਂ ਖੇਤੀ ਕਾਨੂੰਨਾਂ ਦੀ ਵਾਪਸੀ , ਸਾਰੇ ਰਾਜਾਂ ਵਿੱਚ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉੱਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀਕਰਨ , ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਮਾਨਤਾ ਦੇਣ ਵਰਗੀਆਂ ਮੰਗਾਂ ਦੀ ਪ੍ਰਾਪਤੀ ਲਈ ਭਗਤ ਰਵਿਦਾਸ ਅਤੇ ਸ਼ਹੀਦਾਂ ਤੋਂ ਪ੍ਰੇਰਨਾ ਲੈਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੌਜੂਦਾ ਅੰਦੋਲਨ ਦੀ ਸਫਲਤਾ ਤੋਂ ਇਲਾਵਾ ਲੁੱਟ ਜ਼ਬਰ ਤੋਂ ਮੁਕਤੀ ਲਈ ਸੰਗਰਾਮ ਜ਼ਾਰੀ ਰੱਖਣ।
ਕਿਸਾਨ ਆਗੂਆਂ ਵੱਲੋਂ ਉੱਘੇ ਗਾਇਕ ਪੰਮੀ ਬਾਈ ਦੇ ਗੀਤਾਂ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਉਨ੍ਹਾਂ ਦਿੱਲੀ ਮੋਰਚੇ ਵਿਚ ਕਿਸਾਨ ਆਗੂਆਂ ਨੂੰ ਸਮਰਪਤ " ਦੁਨੀਆਂ ਤੇ ਗੱਲ ਪੁੱਜ ਗਈ ਜਦੋਂ ਬੜ੍ਹਕ ਕਿਸਾਨਾਂ ਨੇ ਮਾਰੀ " ਪੇਸ਼ ਕੀਤਾ । ਮਾਨਵਤਾ ਕਲਾ ਮੰਚ ਨਗਰ ਜਲੰਧਰ ਵੱਲੋਂ ਜਸਵਿੰਦਰ ਸਿੰਘ ਪੱਪੀ ਦੀ ਨਿਰਦੇਸ਼ਨਾ ਹੇਠ " ਖਾਲੀ ਨਹੀਂ ਪਰਤੇਗਾ ਦੁੱਲਾ " ਪੇਸ਼ ਕੀਤਾ ।ਅੱਜ ਦੇ ਇਕੱਠ ਨੂੰ ਸ਼ਿੰਗਾਰਾ ਸਿੰਘ ਮਾਨ ,ਰਿਟਾਇਰਡ ਡੀ ਸੀ ਐਸ ਆਰ ਸੰਗਰੂਰ ,ਪਰਮਜੀਤ ਕੌਰ ਕੋਟੜਾ ਅਤੇ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਵੀ ਸੰਬੋਧਨ ਕੀਤਾ|