2021-02-24 16:35:03 ( ਖ਼ਬਰ ਵਾਲੇ ਬਿਊਰੋ )
ਐੱਸ.ਏ.ਐੱਸ. ਨਗਰ 24 ਫਰਵਰੀ :- ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਮਿਆਰੀ ਬਣਾਏ ਰੱਖਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਮੁਖੀਆਂ ਦੀ ਭੂਮਿਕਾ ਅਹਿਮ ਹੁੰਦੀ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਸਕੂਲਾਂ ਦੇ ਕੰਮ-ਕਾਜ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਗੁਣਾਤਮਿਕ ਸਿੱਖਿਆ ਸਬੰਧੀ ਜਾਣਕਾਰੀ ਦੇਣ ਲਈ 22 ਤੋਂ 24 ਫਰਵਰੀ ਤੱਕ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੱਤਰ ਸਕੂਲ ਸਿੱਖਿਆ ਦੀ ਦੇਖ-ਰੇਖ ਹੇਠ ਲਗਾਈ ਗਈ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ ਦੌਰਾਨ ਵਿਭਾਗ ਦੇ ਸਟੇਟ ਰਿਸੋਰਸ ਪਰਸਨਾਂ ਨੇ ਸੈਂਟਰ ਹੈੱਡ ਟੀਚਰਾਂ ਨੂੰ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਏ ਜਾ ਰਹੇ ਵੱਖ-ਵੱਖ ਵਿਸ਼ਿਆਂ ਦੇ ਪਾਠਕ੍ਰਮ, ਪਾਠ-ਪੁਸਤਕਾਂ, 2017 ਤੋਂ ਹੁਣ ਤੱਕ ਤਿਆਰ ਕੀਤੀ ਗਈ ਸਿੱਖਣ ਸਹਾਇਕ ਸਮੱਗਰੀ, ਜਮਾਤ ਅਨੁਸਾਰ ਨਿਰਧਾਰਿਤ ਸਿੱਖਣ ਪਰਿਣਾਮਾਂ ਅਤੇ ਇਹਨਾਂ ਦੇ ਮੁਲਾਂਕਣ, ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਲਈ ਤਿਆਰ ਕੀਤੇ ਗਏ ਪਾਠਕ੍ਰਮ, ਸਿੱਖਣ ਸਹਾਇਕ ਸਮੱਗਰੀ ਅਤੇ ਮਾਡਲ ਕਲਾਸਰੂਮਾਂ ਦੀ ਬਣਤਰ, ਰੀਡਿੰਗ ਕਾਰਨਰ, ਫਸਟ ਏਡ ਕਾਰਨਰ, ਬਾਰੇ ਜਾਣਕਾਰੀ ਦਿੱਤੀ ਗਈ। ਭਾਗ ਲੈ ਰਹੇ ਸਮੂਹ ਸਕੂਲ ਮੁਖੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਚਲਾਏ ਜਾ ਰਹੇ ਮਿਸ਼ਨ ਸ਼ਤ-ਪ੍ਰਤੀਸ਼ਤ, ਇਸਦੀ ਸਫਲਤਾ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਅਗਵਾਈ ਦਿੱਤੀ ਗਈ। ਇਸ ਸਿਖਲਾਈ ਵਰਕਸ਼ਾਪ ਵਿੱਚ ਪੰਜਾਬ ਐਜੂਕੇਅਰ ਐਪ 'ਤੇ ਉਪਲਬਧ ਸਿੱਖਣ ਸਹਾਇਕ ਸਮੱਗਰੀ, ਅਧਿਆਪਕਾਂ ਦੇ ਲੈਕਚਰਾਂ, ਘਟਾਏ ਗਏ ਪਾਠਕ੍ਰਮ, ਮਾਡਲ ਪ੍ਰਸ਼ਨ ਪੱਤਰਾਂ ਅਤੇ ਰੋਜ਼ਾਨਾ ਸਲਾਈਡਾਂ ਦੀ ਜਾਣਕਾਰੀ ਲੈਣ ਬਾਰੇ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਨ ਬਾਰੇ ਵੀ ਸਿਖਲਾਈ ਦਿੱਤੀ ਗਈ।
ਇਸ ਸਿਖਲਾਈ ਵਰਕਸ਼ਾਪ ਦੌਰਾਨ ਸਵੇਰ ਦੀ ਸਭਾ ਦੇ ਆਯੋਜਨ, ਵਿਦਿਆਰਥੀਆਂ ਨੂੰ ਕਰਵਾਈਆਂ ਜਾਣ ਵਾਲੀਆਂ ਹਲਕੀਆਂ ਕਸਰਤਾਂ, ਖੇਡ ਨੀਤੀ ਤਹਿਤ ਜਮਾਤ ਅਨੁਸਾਰ ਕਰਵਾਈਆਂ ਜਾਣ ਵਾਲੀਆਂ, ਦੇਸੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਬਾਰੇ ਜਾਣਕਾਰੀ, ਸਕੂਲਾਂ ਨੂੰ ਸਮਾਰਟ ਸਕੂਲ ਬਨਾਉਣ ਲਈ ਸਮਾਰਟ ਸਕੂਲ ਨੀਤੀ ਬਾਰੇ ਜਾਣਕਾਰੀ, ਸੁੰਦਰ ਲਿਖਾਈ ਲਈ ਅੱਖਰਕਾਰੀ, ਇੰਗਲਿਸ਼ ਬੂਸਟਰ ਕਲੱਬਾਂ ਦੇ ਗਠਨ ਅਤੇ ਇਹਨਾਂ ਅਧੀਨ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ, ਵਿਦਿਆਰਥੀਆਂ ਨੂੰ ਵੱਖ-ਵੱਖ ਸਹਿ-ਅਕਾਦਮਿਕ ਕਿਰਿਆਵਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਹਿੱਤ ਬਾਲ ਸਭਾਵਾਂ ਦਾ ਆਯੋਜਨ, ਸਕੂਲ ਦੀ ਹੱਥ ਲਿਖਤ ਜਾਂ ਈ-ਮੈਗਜ਼ੀਨ ਤਿਆਰ ਕਰਨ ਦੇ ਨੁਕਤੇ ਵੀ ਸਟੇਟ ਰਿਸੋਰਸ ਪਰਸਨਾਂ ਵੱਲੋਂ ਸਾਂਝੇ ਕੀਤੇ ਗਏ।
ਇਸ ਸਖਲਾਈ ਵਰਕਸ਼ਾਪ ਦੌਰਾਨ ਜਗਤਾਰ ਸਿੰਘ ਕੁਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਹੋਇਆ ਹੈ ਅਤੇ ਮਿਆਰੀ ਨਤੀਜੇ ਵੀ ਆਏ ਹਨ। ਸਰਕਾਰੀ ਸਕੂਲਾਂ ਵਿੱਚ ਸੈਸ਼ਨ 2021-22 ਲਈ ਦਾਖਲਾ ਮੁਹਿੰਮ ਈਚ ਵਨ ਬਰਿੰਗ ਵਨ ਸ਼ੁਰੂ ਹੋ ਚੁੱਕੀ ਹੈ। ਸਕੂਲ ਮੁਖੀ ਅਤੇ ਅਧਿਆਪਕ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਤਾਂ ਜੋ ਇਸ ਸਾਲ ਵੀ ਦਾਖਲਿਆਂ ਵਿੱਚ ਭਾਰੀ ਵਾਧਾ ਹੋ ਸਕੇ।
ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਤਿਆਰ ਹਨ। ਮਿਸ਼ਨ ਸ਼ਤ-ਪ੍ਰਤੀਸ਼ਤ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਮਿਤੀ 26 ਤੋਂ 31 ਮਾਰਚ ਤੱਕ ਹੋਣ ਵਾਲੇ ਬਾਲ ਪ੍ਰਤਿਭਾ ਮੇਲਿਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਜਾਵੇ। ਇਸ ਪ੍ਰਤਿਭਾ ਮੇਲੇ ਦੌਰਾਨ ਵਿਦਿਆਰਥੀ ਸਹਿ ਵਿੱਦਿਅਕ ਕਿਰਿਆਵਾਂ ਕਰਕੇ ਖੇਡ-ਖੇਡ ਵਿੱਚ ਸਿੱਖਣ ਪਰਿਣਾਮਾਂ ਬਾਰੇ ਵੀ ਜਾਣਕਾਰੀ ਲੈਣਗੇ ਅਤੇ ਤਿਆਰ ਕੀਤੀਆਂ ਗੲiਆਂ ਕਿਰਿਆਵਾਂ ਬਾਰੇ ਸਕੂਲ ਵਿੱਚ ਪੁੱਜਣ ਵਾਲੇ ਮਹਿਮਾਨਾਂ ਨਾਲ ਚਰਚਾ ਵੀ ਕਰਨਗੇ।
ਸਿਖਲਾਈ ਵਰਕਸ਼ਾਪ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਸਟੇਟ ਰਿਸੋਰਸ ਪਰਸਨ ਅਤੇ ਸੈਂਟਰ ਹੈੱਡ ਟੀਚਰ ਵੀ ਮੌਜੂਦ ਰਹੇ।