2020-03-26 15:57:54 ( ਖ਼ਬਰ ਵਾਲੇ ਬਿਊਰੋ )
ਅਬੋਹਰ/ਫਾਜ਼ਿਲਕਾ, 26 ਮਾਰਚ
ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਸਥਾਨਕ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਪ੍ਰੈਸ ਮਿਲਣੀ ਕਰਦਿਆਂ ਦੱਸਿਆ ਕਿ ਕਰੋੋਨਾ ਵਾਇਰਸ ਕੋਵਿੰਡ-19 ਦੇ ਸੰਕਟ ਤੋਂ ਜ਼ਿਲ੍ਹੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਜ਼ਿਲ੍ਹੇ ਅੰਦਰ ਲਗਾਏ ਕਰਫਿਊ ’ਚ ਜ਼ਿਲੇ੍ਹ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰੇਕ ਸਬ ਡਵੀਜ਼ਨ ਪੱਧਰ ’ਤੇ ਸਬੰਧਤ ਐਸ.ਡੀ.ਐਮ ਵੱਲੋਂ ਕਰਫਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਰਾਸ਼ਨ, ਸਬਜ਼ੀ, ਸਿਲੰਡਰ, ਦੁੱਧ ਅਤੇ ਹੋਰ ਲੋੜੀਦੀਂਆਂ ਸੁਵਿਧਾਵਾਂ ਡੋਰ ਟੂ ਡੋਰ ਪਹੰੁਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਆਪਣੇ ਘਰਾਂ ਦੇ ਅੰਦਰ ਰਹਿਣਾ ਯਕੀਨੀ ਬਣਾਵੇ, ਤਾਂ ਜੋ ਕੋਵਿਡ 19 ਵਰਗੀ ਭਿਆਨਕ ਬਿਮਾਰੀ ਤੋਂ ਖੁਦ ਵੀ ਸੁਰੱਖਿਅਤ ਰਹੇ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖਣ ਲਈ ਬਣਦਾ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦਿਹਾੜੀਦਾਰਾਂ ਅਤੇ ਗਰੀਬ ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸੇਸ ਉੱਦਮ ਕੀਤੇ ਜਾ ਰਹੇ ਹਨ, ਤਾਂ ਜੋ ਕੋਈ ਵੀ ਵਿਅਕਤੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾਂ ਨਾ ਰਹੇ। ਉਨ੍ਹਾਂ ਹਰੇਕ ਜ਼ਿਲ੍ਹਾ ਵਾਸੀ ਨੂੰ ਘਰਾਂ ਅੰਦਰ ਰਹਿਣ ਦੀ ਗੱਲ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਮੀਡੀਆ ਵੀ ਇਸ ਲੋਕ ਹਿੱਤ ਦੇ ਕੰਮ ਅੰਦਰ ਆਪਣਾ ਯੋਗਦਾਨ ਪਾਵੇ।
ਇਸ ਮੌਕੇ ਐਸ.ਡੀ.ਐਮ ਅਬੋਹਰ ਸ੍ਰੀ ਵਿਨੋਦ ਬਾਂਸਲ ਨੇ ਦੱਸਿਆ ਕਿ ਸਬ ਤਹਿਸੀਲ ਅਬੋਹਰ ਵਿਖੇ ਕਰਫਿਊ ਦੀ ਸਥਿਤੀ ਦੌਰਾਨ ਲੋਕਾਂ ਨੂੰ ਹਰੇਕ ਲੋੜੀਂਦੀ ਸੁਵਿਧਾ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈ ਜਾਵੇਗੀ।
ਉਨ੍ਹਾਂ ਕਿਹਾ ਦੁੱਧ, ਆਰ.ਓ. ਦਾ ਪਾਣੀ, ਸ਼ਬਜੀਆਂ, ਕਰਿਆਣਾ, ਗੈਸ ਸਿਲੰਡਰਾਂ ਲੋਕਾਂ ਦੇ ਘਰੋਂ ਘਰ ਪਹੰੁਚਾਉਣ ਲਈ ਸਬੰਧਤਾਂ ਨਾਲ ਰਾਬਤਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਦੋ ਤਿੰਨ ਦਿਨਾਂ ਅੰਦਰ ਸ਼ਹਿਰ ਦੀ ਸਫਾਈ ਪੱਖੋਂ ਨੁਹਾਰ ਬਦਲ ਦਿੱਤੀ ਜਾਵੇਗੀ, ਜਿਸਦੇ ਲਈ ਜੰਗੀ ਪੱਧਰ ਤੇ ਸਫ਼ਾਈ ਕਾਰਜ਼ ਅਮਲ ’ਚ ਲਿਆਂਦੇ ਜਾਣਗੇ।