*ਸਬਜੀ, ਦੁੱਧ, ਫਲ ਦੀ ਸਪਲਾਈ ਲੋਕਾਂ ਦੇ ਘਰਾਂ ਤੱਕ ਪਹੁੰਚਣੀ ਸ਼ੁਰੂ
2020-03-26 12:53:38 ( ਖ਼ਬਰ ਵਾਲੇ ਬਿਊਰੋ )
ਫਾਜ਼ਿਲਕਾ, 26 ਮਾਰਚ:
ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਵਿਡ 19 (ਕੋਰੋਨਾ ਵਾਇਰਸ) ਨੂੰ ਲੈ ਕੇ ਜ਼ਿਲ੍ਹੇ ਅੰਦਰ ਲਗਾਏ ਕਰਫਿਊ ਤਹਿਤ ਫ਼ਸਲਾਂ ਦੀ ਉਪਜ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਸਾਂਭ-ਸੰਭਾਲ ਲਈ ਕੀਟਨਾਸ਼ਕ ਅਤੇ ਫਰਟੀਲਾਈਜ਼ਰ ਦੀ ਸਪਲਾਈ 26, 28 ਅਤੇ 30 ਮਾਰਚ 2020 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਮੁਕਰੱਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਦੁਕਾਨਦਾਰ ਜਿਨ੍ਹਾਂ ਵੱਲੋਂ ਇਹ ਕੀਟਨਾਸ਼ਕ/ਫਰਟੀਲਾਈਜ਼ਰ ਸਪਲਾਈ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਸ਼ਨਾਖਤ ਸਬੰਧਤ ਹਲਕੇ ਦੇ ਉਪ ਮੰਡਲ ਮੈਜਿਸਟਰੇਟ ਕਰਨਗੇ। ਸ਼ਨਾਖਤ ਕੀਤੇ ਗਏ ਦੁਕਾਨਦਾਰ ਅੱਗੇ ਦਵਾਈਆਂ ਜਿੰਮੀਦਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਪਲਾਈ ਕਰਨੀਆਂ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਜਿੰਮੀਦਾਰ/ਬਾਗ ਮਾਲਕ ਵੱਲੋਂ ਸਪਰੇਅ ਆਦਿ ਕੀਤੀ ਜਾਣੀ ਹੈ ਤਾਂ ਉਹ ਆਪਣੇ ਖੇਤਾ/ਬਾਗਾਂ ਵਿੱਚ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪਸ਼ੂਆਂ ਅਤੇ ਪੋਲਟਰੀ ਦੇ ਆਹਾਰ ਦੀ ਸਪਲਾਈ ਲਈ 26, 28 ਅਤੇ 30 ਮਾਰਚ 2020 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਮੁਕਰੱਰ ਕੀਤਾ ਗਿਆ ਹੈ। ਸਬੰਧਤ ਦੁਕਾਨਦਾਰ ਜਿੰਨ੍ਹਾਂ ਵੱਲੋਂ ਪਸ਼ੂਆਂ ਦੇ ਆਹਾਰ ਦੀ ਸਪਲਾਈ ਕੀਤੀਆਂ ਜਾਣਗੀਆਂ ਉਨ੍ਹਾਂ ਦੀ ਸ਼ਨਾਖਤ ਹਲਕੇ ਦੇ ਉਪ ਮੰਡਲ ਮੈਜਿਸਟਰੇਟ ਕਰਨਗੇ। ਸ਼ਨਾਖਤ ਕੀਤੇ ਗਏ ਦੁਕਾਨਦਾਰ ਅੱਗੇ ਪਸ਼ੂਆਂ/ਪੋਲਟਰੀ ਦਾ ਆਹਰ ਆਮ ਜਨਤਾ ਦੇ ਘਰਾਂ ਤੱਕ ਸਪਲਾਈ ਕਰਨਾ ਯਕੀਨੀ ਬਣਾਉਣਗੇ।
ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਨੂੰ ਦੇਖਦੇ ਹੋਏ ਕਣਕ ਦੀ ਪਿਸਾਈ ਦਾ ਸਮਾਂ 27 ਅਤੇ 31 ਮਾਰਚ 2020 ਨੂੰ ਦੁਪਹਿਰ 12 ਤੋਂ ਸ਼ਾਮ 6 ਵਜੇ ਤੱਕ ਮੁਕਰੱਰ ਕੀਤਾ ਜਾਂਦਾ ਹੈ। ਸਬੰਧਤ ਆਟਾ ਚੱਕੀ ਮਾਲਕ ਜਿੰਨ੍ਹਾਂ ਵੱਲੋਂ ਕਣਕ ਦੀ ਪਿਸਾਈ ਕੀਤੀ ਜਾਵੇਗੀ ਉਨ੍ਹਾਂ ਦੀ ਸ਼ਨਾਖਤ ਸਬੰਧਤ ਉਪ ਮੰਡਲ ਮੈਜਿਸਟਰੇਟ ਕਰਨਗੇ। ਸ਼ਨਾਖਤ ਕੀਤੇ ਗਏ ਆਟਾ ਚੱਕੀ ਮਾਲਕ ਜਨਤਾ ਦੇ ਘਰਾਂ ਤੋਂ ਕਣਕ ਆਪ ਲੈ ਕੇ ਆਉਣਗੇ ਅਤੇ ਆਟਾ ਬਣਾਉਣ ਉਪਰੰਤ ਉਨ੍ਹਾਂ ਦੇ ਘਰਾਂ ਤੱਕ ਪਹੰੁਚਾਉਣਾ ਯਕੀਨੀ ਬਣਾਉਣਗੇ। ਦੁਕਾਨਦਾਰਾਂ ਨੂੰ ਆਟੇ ਦੀਆਂ ਥੈਲੀਆਂ ਉਨ੍ਹਾਂ ਦੀ ਮੰਗ ਅਨੁਸਾਰ ਦੁਕਾਨਾਂ ’ਤੇ ਪਹੰੁਚਾਉਣਗੇ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਸਬਜੀਆਂ/ਫਲ ਮੰਡੀ ਵਿੱਚ ਭੇਜਣ ਅਤੇ ਕੋਲਡ ਸਟੋਰ ਵਿੱਚ ਜਮ੍ਹਾਂ ਕਰਵਾਉਣ ਲਈ 26 ਅਤੇ 30 ਮਾਰਚ 2020 ਨੂੰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਦਾ ਸਮਾਂ ਮੁਕਰੱਰ ਕੀਤਾ ਗਿਆ ਹੈ। ਜਿੰਨ੍ਹਾਂ ਜਿੰਮੀਦਾਰਾਂ ਵੱਲੋਂ ਸਬਜੀ/ਫਲ ਸਬਜੀ ਮੰਡੀ ਵਿੱਚ ਭੇਜੀ ਜਾਣੀ ਹੈ ਉਹ ਭੇਜ ਸਕਦੇ ਹਨ ਅਗਰ ਕਿਸੇ ਜਿੰਮੀਦਾਰ ਨੇ ਕੋਲਡ ਸਟੋਰ ਵਿੱਚ ਸਬਜੀ/ਫਲ ਜਮ੍ਹਾਂ ਕਰਵਾਣੇ ਹਨ ਕੋਲਡ ਸਟੋਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਸਕੱਤਰ ਮਾਰਕੀਟ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ ਇਹ ਯਕੀਨੀ ਬਣਾਉਣਗੇ ਕਿ ਮੰਡੀ ਵਿੱਚ ਇਕੱਠ ਨਾ ਹੋਣ ਦਿੱਤਾ ਜਾਵੇ ਅਤੇ ਘਰ-ਘਰ ਸਬਜੀ ਪਹੰੁਚਾਉਣ ਲਈ ਰੇਹੜੀਆਂ ਭੇਜਣਗੇ ਤਾਂ ਜੋ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਲੋੜੀਂਦਾ ਰਾਬਤਾ ਸਬੰਧਤ ਉਪ ਮੰਡਲ ਮੈਜਿਸਟਰੇਟ ਨਾਲ ਕੀਤਾ ਜਾਵੇ।
ੳਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਕਿੰਨੂ ਦੀ ਉਪਜ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਕਿੰਨੂ ਦੀ ਸੰਭਾਲ ਲਈ ਕਿਨੂੰਆਂ ਨੂੰ ਕੋਲਡ ਸਟੋਰ ਵਿੱਚ ਜਮ੍ਹਾਂ ਕਰਵਾਉਣ ਲਈ ਰੋਜਾਨਾ ਸਵੇਰੇ 5 ਤੋਂ ਦੁਪਹਿਰ 12 ਵਜੇ ਤੱਕ ਦਾ ਸਮਾਂ ਮੁਕਰੱਰ ਕੀਤਾ ਜਾਂਦਾ ਹੈ। ਸਬੰਧਤ ਬਾਗ ਮਾਲਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਸਮੇਂ ਦੌਰਾਨ ਆਪਣਾ ਕੰਮ ਆਪਸੀ ਦੂਰੀ ਰੱਖਦੇ ਹੋਏ ਕਰਨ ਲਈ ਮੁਕਰੱਰ ਹੋਣਗੇ। ਉਨ੍ਹਾਂ ਕਿਹਾ ਕਿ ਡਿਪਟੀ ਡਾਇਰੈਕਟਰ ਬਾਗਬਾਨੀ ਯਕੀਨੀ ਬਣਾਉਣਗੇ ਕਿ ਉਪਰੋਕਤ ਮੰਤਵ ਲਈ ਜਿੰਮੀਦਾਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਸ ਸਬੰਧੀ ਜ਼ਰੂਰਤ ਅਨੁਸਾਰ ਸਬੰਧਤ ਉਪ ਮੰਡਲ ਮੈਜਿਸਟਰੇਟ ਫ਼ਾਜ਼ਿਲਕਾ ਕੋਲੋਂ ਸਹਿਯੋਗ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਦੁੱਧ ਵਾਲੇ ਕਿਸਾਨਾਂ ਨੂੰ ਪਿੰਡਾਂ ਤੋਂ ਗੱਡੀਆਂ/ਟੈਂਕਰਾਂ ਰਾਹੀਂ ਦੁੱਧ ਚਿਿਗ/ਕੁਲੈਕਸ਼ਨ ਸੈਂਟਰਾਂ ਵਿੱਚ ਲਿਆਉਣ ’ਤੇ ਸਵੇਰੇ 6 ਤੋਂ 10 ਵਜੇ ਤੱਕ ਅਤੇ ਸ਼ਾਮ 4 ਤੋਂ 7 ਵਜੇ ਤੱਕ ਮੁਕਰੱਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਚਿਿਗ ਸੈਂਟਰ/ਕੁਲੈਕਸ਼ਨ ਸੈਂਟਰਾਂ ਵੱਲੋਂ ਦੁੱਧ ਦੂਸਰੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਣਾ ਤਾਂ ਉਹ ਟੈਂਕਰਾਂ ਰਾਹੀਂ ਰਾਤ 9 ਵਜੇ ਤੋਂ ਬਾਅਦ ਭੇਜ ਸਕਦੇ ਹਨ। ਇਸ ਸਬੰਧੀ ਲੋੜੀਂਦਾ ਰਾਬਤਾ ਸਬੰਧਤ ਹਲਕੇ ਦੇ ਉਪ ਮੰਡਲ ਮੈਜਿਸਟਰੇਟ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਆਪਣੇ ਪੱਧਰ ’ਤੇ ਇਹ ਯਕੀਨੀ ਬਣਾਉਣਗੇ ਕਿ ਉਪਰੋਕਤ ਮੰਤਵ ਲਈ ਆਮ ਜਨਤਾ ਦੀ ਸੁਵਿਧਾ ਲਈ ਆਪਣੇ-ਆਪਣੇ ਖੇਤਰ ਵਿੱਚ ਬਿਲਕੁਲ ਦੀ ਆਮ ਜਨਤਾ ਦਾ ਇਕੱਠ ਨਹੀਂ ਹੋਣ ਦੇਣਗੇ ਅਤੇ ਘੱਟ ਤੋਂ ਘੱਟ ਪਾਸ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਸਬਜੀ, ਫਲਾਂ ਤੇ ਦੁੱਧ ਲਈ ਮੁਕਰੱਰ ਕੀਤੇ ਸਮੇਂ ਅਨੁਸਾਰ ਲੋਕਾਂ ਦੇ ਘਰਾਂ ਤੱਕ ਸੁਚੱਜੇ ਢੰਗ ਨਾਲ ਸਪਲਾਈ ਸ਼ੁਰੂ ਹੋ ਚੁੱਕੀ ਹੈ ਜਿਸ ਤਹਿਤ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਦਿਆਂ ਆਪਣੇ ਘਰਾਂ ਅੰਦਰ ਰਹਿਣ ਦੀ ਲੋੜ ਹੈ।