ਤਾਜਾ ਖਬਰਾਂ
ਕੀਮਤੀ ਜਾਨਾਂ ਬਚਾਉਣ ਲਈ ਬਿਮਾਰੀ ਦਾ ਜਲਦ ਪਤਾ ਲਗਾਉਣਾ ਅਤੇ ਇਲਾਜ ਬਹੁਤ ਜ਼ਰੂਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਆਧੁਨਿਕ ਉਪਰਕਣਾਂ ਰਾਹੀਂ ਰੋਜ਼ਾਨਾ 600 ਵਿਅਕਤੀਆਂ ਦੀ ਅੱਖਾਂ ਦੀ ਜਾਂਚ ਅਤੇ 300 ਕੈਂਸਰ ਸਕ੍ਰੀਨਿੰਗ ਕਰਨਾ ਹੈ ਪੰਜਾਬ ਦਾ ਉਦੇਸ਼
ਚੰਡੀਗੜ੍ਹ, 23 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਇਹਤਿਆਤੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਇਤਿਹਾਸਕ ਕਦਮ ਤਹਿਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਅੱਜ ਛਾਤੀ ਦੇ ਕੈਂਸਰ, ਸਰਵਾਈਕਲ ਕੈਂਸਰ ਅਤੇ ਨਜ਼ਰ ਦੀ ਕਮਜ਼ੋਰੀ ਦਾ ਸਮਾਂ ਰਹਿੰਦਿਆਂ ਪਤਾ ਲਗਾਉਣ ਲਈ ਆਪਣੀ ਕਿਸਮ ਦੀਆਂ ਪਹਿਲੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ -ਸਮਰੱਥ ਸਕ੍ਰੀਨਿੰਗ ਡਿਵਾਈਸਾਂ ਨੂੰ ਲਾਂਚ ਕੀਤਾ ।
ਪੰਜਾਬ ਸਰਕਾਰ ਦੀ ਇਹ ਪਹਿਲ, ਜੋ ਕਿ ਏ.ਸੀ.ਟੀ. ਗ੍ਰਾਂਟਸ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ ਹੈ, ਨੇ ਪੰਜਾਬ ਦੇ ਅੱਠ ਜਿ਼ਲ੍ਹਿਆਂ ਵਿੱਚ ਪੋਰਟੇਬਲ, ਰੇਡੀਏਸ਼ਨ-ਮੁਕਤ, ਅਤੇ ਏ.ਆਈ.-ਪਾਵਰਡ ਡਿਵਾਈਸਾਂ ਲਿਆਂਦੀਆਂ ਹਨ। ਇਨ੍ਹਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਨਿਰਾਮਈ ਨਾਮਕ ਕੰਪਨੀ ਦੁਆਰਾ ਨਿਰਮਿਤ ਥਰਮਲਾਈਟਿਕਸ, ਸਰਵਾਈਕਲ ਕੈਂਸਰ ਦੀ ਜਾਂਚ ਲਈ ਪੈਰੀਵਿੰਕਲ ਕੰਪਨੀ ਵੱਲੋਂ ਬਣਾਈ ਸਮਾਰਟ ਸਕੋਪ ਅਤੇ ਨਜ਼ਰ ਕਮਜ਼ੋਰੀ ਦੀ ਜਾਂਚ ਲਈ ਫੋਰਸ ਹੈਲਥ ਦੁਆਰਾ ਤਿਆਰ ਕੀਤਾ ਪੋਰਟੇਬਲ ਆਟੋਰੀਫ੍ਰੈਕਟੋਮੀਟਰ ਸ਼ਾਮਲ ਹਨ।ਇਸ ਦੌਰਾਨ ਸਾਰੇ ਯੰਤਰਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਸਿਹਤ ਸੰਭਾਲ ਨੂੰ ਪਹੁੰਚਯੋਗ, ਦਰੁਸਤ ਅਤੇ ਕਿਫ਼ਾਇਤੀ ਬਣਾਉਣ ਲਈ ਕੀਤੀ ਇਸ ਪਹਿਲ ਨੂੰ ਇਤਿਹਾਸਕ ਕਦਮ ਦੱਸਦਿਆਂ ਡਾ. ਬਲਬੀਰ ਸਿੰਘ ਨੇ ਜਲਦ ਨਿਦਾਨ ਅਤੇ ਇਲਾਜ ਦੀ ਮਹੱਤਵਪੂਰਨ ਲੋੜ `ਤੇ ਜ਼ੋਰ ਦਿੱਤਾ।ਬਿਮਾਰੀ ਦੀ ਰੋਕਥਾਮ ਅਤੇ ਜਲਦ ਪਤਾ ਲਗਾਉਣਾ ਪ੍ਰਭਾਵਸ਼ਾਲੀ ਸਿਹਤ ਸੰਭਾਲ ਦੇ ਅਧਾਰ ਹਨ। ਇਹਨਾਂ ਉੱਨਤ ਯੰਤਰਾਂ ਨਾਲ, ਅਸੀਂ ਸਕ੍ਰੀਨਿੰਗ ਨੂੰ ਆਪਣੇ ਲੋਕਾਂ ਦੀ ਪਹੁੰਚ ਤੱਕ ਲਿਜਾ ਰਹੇ ਹਾਂ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਤਾਂ ਜੋ ਬਿਮਾਰੀ ਸਬੰਧੀ ਕਿਸੇ ਵੀ ਡਰ, ਖ਼ਰਚ ਅਤੇ ਪਹੁੰਚਯੋਗਤਾ ਵਰਗੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਇਹ ਪਹਿਲਕਦਮੀ ਨਾ ਸਿਰਫ਼ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਏਗੀ ਸਗੋਂ ਪੰਜਾਬ ਨੂੰ ਏਆਈ-ਸੰਚਾਲਿਤ ਜਨਤਕ ਸਿਹਤ ਨਵੀਨਤਾ ਵਿੱਚ ਮੋਹਰੀ ਸੂਬੇ ਵਜੋਂ ਵੀ ਸਥਾਪਿਤ ਕਰੇਗੀ।
ਮੰਤਰੀ ਨੇ ਆਈ.ਸੀ.ਐਮ.ਆਰ. ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਅੰਕੜੇ ਸਾਂਝੇ ਕੀਤੇ, ਜਿਨ੍ਹਾਂ ਅਨੁਸਾਰ 2024 ਵਿੱਚ ਪੰਜਾਬ ਵਿੱਚ 42,288 ਨਵੇਂ ਕੈਂਸਰ ਕੇਸ ਸਾਹਮਣੇ ਆਏ ਹਨ- ਜੋ ਕਿ ਪਿਛਲੇ ਸਾਲ ਨਾਲੋਂ 7 ਫੀਸਦ ਵੱਧ ਹੈ। ਉਨ੍ਹਾਂ ਨੇ ਐਨਐਫਐਚਐਸ-5 ਦੇ ਅੰਕੜਿਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ 30-49 ਸਾਲ ਦੀ ਉਮਰ ਦੀਆਂ ਔਰਤਾਂ ਵਿੱਚੋਂ ਸਿਰਫ਼ 0.3ਫੀਸਦੀ ਔਰਤਾਂ ਦੀ ਛਾਤੀ ਦੇ ਕੈਂਸਰ ਲਈ ਅਤੇ ਸਿਰਫ਼ 2.4 ਫੀਸਦੀ ਦੀ ਬੱਚੇਦਾਨੀ ਦੇ ਕੈਂਸਰ ਲਈ ਸਕ੍ਰੀਨਿੰਗ ਕੀਤੀ ਗਈ ਹੈ।ਉਨ੍ਹਾਂ ਕਿਹਾ, "ਅਸੀਂ ਇਨ੍ਹਾਂ ਰੁਝਾਨਾਂ ਨੂੰ ਬਦਲਣ ਅਤੇ ਇੱਕ ਰਾਸ਼ਟਰੀ ਮਿਸਾਲ ਕਾਇਮ ਕਰਨ ਲਈ ਦ੍ਰਿੜ ਹਾਂ " ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਏ.ਆਈ.-ਪਾਵਰਡ ਯੰਤਰ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਵਰਤੋਂ ਲਈ ਤਿਆਰ ਕੀਤੇ ਗਏ ਹਨ, ਜੋ ਤੇਜ਼ ਅਤੇ ਬਹੁਤ ਹੀ ਸਟੀਕ ਸਕ੍ਰੀਨਿੰਗ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਉਦੇਸ਼ ਪ੍ਰਤੀ ਦਿਨ ਘੱਟੋ-ਘੱਟ 600 ਵਿਅਕੀਤਆਂ ਦੀ ਅੱਖਾਂ ਦੀ ਜਾਂਚ ਅਤੇ 300 ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣਾ ਹੈ, ਜਿਸ ਨਾਲ ਬਿਮਾਰੀ ਦਾ ਜਲਦ ਪਤਾ ਲਗਾਉਣ ਸਬੰਧੀ ਦਰਾਂ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ ਅਤੇ ਟਰਸ਼ਰੀ ਕੇਅਰ ਦੀਆਂ ਦੇਖਭਾਲ ਸਹੂਲਤਾਂ `ਤੇ ਬੋਝ ਘਟਦਾ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਇਕੱਠ ਨੂੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਫੰਡ ਇਕੱਠਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ‘ਮਿਸ਼ਨ ਚੜ੍ਹਦੀ ਕਲਾ ਫੰਡ` ਤਹਿਤ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਐਨਐਚਐਮ ਪੰਜਾਬ ਦੇ ਮਿਸ਼ਨ ਡਾਇਰੈਕਟਰ ਘਣਸਿ਼ਆਮ ਥੋਰੀ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ, ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਅਦਿਤੀ ਸਲਾਰੀਆ, ਮੈਡੀਕਲ ਸਿੱਖਿਆ ਅਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਈਐਸਆਈ ਦੇ ਡਾਇਰੈਕਟਰ ਡਾ. ਅਨਿਲ ਗੋਇਲ ਅਤੇ ਏਸੀਟੀ ਗ੍ਰਾਂਟਸ ਦੀ ਸੀ.ਈ.ਓ. ਆਕਾਂਕਸ਼ਾ ਗੁਲਾਟੀ ਸਮੇਤ ਹੋਰ ਸੀਨੀਅਰ ਸਿਹਤ ਅਧਿਕਾਰੀ, ਭਾਈਵਾਲ ਸੰਸਥਾਵਾਂ ਦੇ ਨੁਮਾਇੰਦੇ, ਸਿਹਤ ਸੰਭਾਲ ਪੇਸ਼ੇਵਰ ਅਤੇ ਕਮਿਊਨਿਟੀ ਵਰਕਰ ਮੌਜੂਦ ਸਨ।
Get all latest content delivered to your email a few times a month.