ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੀ.ਸੀ.ਐਸ. ਪ੍ਰੀਖਿਆ ਦੀ ਤਿਆਰੀ ਕਰ ਰਹੇ ਚਾਹਵਾਨ ਉਮੀਦਵਾਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਆਈ.ਏ.ਐਸ. ਸਟੱਡੀ ਗਰੁੱਪ ਦੇ ਰਾਜ ਮਲਹੋਤਰਾ ਨਾਲ ਸੰਪਰਕ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਅਤੇ ਕੋਚਿੰਗ ਪ੍ਰਦਾਨ ਕਰਨ ਦੀ ਬੇਨਤੀ ਕੀਤੀ, ਜਿਸਨੂੰ ਰਾਜ ਮਲਹੋਤਰਾ ਨੇ ਸਵੀਕਾਰ ਕਰ ਲਿਆ।
ਇਸ ਪਹਿਲਕਦਮੀ ਅਧੀਨ, ਪੀ.ਸੀ.ਐਸ. (ਕਾਰਜਕਾਰੀ) ਸ਼ੁਰੂਆਤੀ ਪ੍ਰੀਖਿਆ-2025 (ਜਨਰਲ ਸਟੱਡੀਜ਼ ਅਤੇ ਸੀ.ਐਸ.ਏ.ਟੀ.) ਲਈ 45 ਦਿਨਾਂ ਦਾ ਮੁਫ਼ਤ ਕੋਰਸ ਚਲਾਇਆ ਜਾਵੇਗਾ। ਸਪੀਕਰ ਨੇ ਦੱਸਿਆ ਕਿ ਸਿਰਫ਼ ਦੋ ਦਿਨਾਂ ਵਿੱਚ ਹੀ ਸੂਬੇ ਦੇ 500 ਤੋਂ ਵੱਧ ਉਮੀਦਵਾਰ ਇਸ ਕੋਚਿੰਗ ਲਈ ਰਜਿਸਟਰ ਹੋ ਚੁੱਕੇ ਹਨ।
ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਬਹੁਤ ਆਸਾਨ ਰੱਖੀ ਗਈ ਹੈ। ਵਿਦਿਆਰਥੀ "ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਲਿਖ ਕੇ 9814711661 'ਤੇ ਵਟਸਐਪ ਮੈਸੇਜ ਭੇਜ ਕੇ ਦਾਖਲਾ ਲੈ ਸਕਦੇ ਹਨ। ਸਪੀਕਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੁਨਹਿਰੀ ਮੌਕੇ ਦਾ ਲਾਭ ਲੈ ਕੇ ਆਪਣੀ ਕਿਸਮਤ ਬਦਲਣ ਲਈ ਤਿਆਰ ਹੋਣ।
ਸੰਧਵਾਂ ਨੇ ਕਿਹਾ ਕਿ ਇਹ ਕੇਵਲ ਇੱਕ ਸਿੱਖਿਆਕਾਰੀ ਯਤਨ ਨਹੀਂ ਹੈ, ਸਗੋਂ ਪੰਜਾਬ ਦੇ ਨੌਜਵਾਨਾਂ ਲਈ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਯਾਤਰਾ ਦੀ ਸ਼ੁਰੂਆਤ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਈ ਵਿਦਿਆਰਥੀ ਵਿੱਤੀ ਮੁਸ਼ਕਲਾਂ ਕਾਰਨ ਪ੍ਰਾਈਵੇਟ ਕੋਚਿੰਗ ਨਹੀਂ ਕਰ ਸਕਦੇ, ਇਸ ਲਈ ਸਰਕਾਰ ਦਾ ਮਕਸਦ ਹੈ ਕਿ ਹਰ ਵਿਦਿਆਰਥੀ ਨੂੰ ਮਿਆਰੀ ਸਿੱਖਿਆ ਮਿਲੇ ਅਤੇ ਉਹ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕੇ।
Get all latest content delivered to your email a few times a month.