ਤਾਜਾ ਖਬਰਾਂ
ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਹੜ੍ਹ ਵਰਗੀਆਂ ਆਫ਼ਤਾਂ ਨਾਲ ਨਿਪਟਣ ਲਈ ਪੰਜਾਬ ਸਰਕਾਰ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇੱਕ ਮਜ਼ਬੂਤ ਸਿਹਤ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੈੱਟਵਰਕ ਕਾਇਮ ਕੀਤਾ ਗਿਆ ਹੈ, ਜਿਸ ਦਾ ਮਕਸਦ ਹਰ ਪ੍ਰਭਾਵਿਤ ਵਿਅਕਤੀ ਤੱਕ ਸਹਾਇਤਾ ਪਹੁੰਚਾਉਣਾ ਹੈ।
ਸ਼ੈਰੀ ਕਲਸੀ, ਜੋ ਇਸ ਸਮੇਂ ਅਮਰੀਕਾ ਦੌਰੇ ’ਤੇ ਹਨ, ਨੇ ਜਾਣਕਾਰੀ ਦਿੱਤੀ ਕਿ ਰਾਹਤ ਪ੍ਰਬੰਧਾਂ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਰਾਹਤ ਕੈਂਪ ਲਗਾਏ ਗਏ ਹਨ ਜਿੱਥੇ ਲੋਕਾਂ ਨੂੰ ਆਸਰਾ, ਭੋਜਨ ਅਤੇ ਡਾਕਟਰੀ ਸਹੂਲਤਾਂ ਮਿਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਸੁਰੱਖਿਆ ਲਈ ਵੀ ਵੱਖਰੇ ਸ਼ੈਲਟਰ, ਚਾਰਾ ਅਤੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ, ਵੈਟਰਨਰੀ ਟੀਮਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। ਸਾਫ਼ ਪੀਣ ਵਾਲਾ ਪਾਣੀ, ਮੋਬਾਈਲ ਸਿਹਤ ਯੂਨਿਟਾਂ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ, ਤਾਂ ਜੋ ਪਾਣੀ ਨਾਲ ਸੰਬੰਧਤ ਬੀਮਾਰੀਆਂ ਤੋਂ ਬਚਾਵ ਕੀਤਾ ਜਾ ਸਕੇ।
ਸ਼ੈਰੀ ਕਲਸੀ ਨੇ ਪ੍ਰਭਾਵਿਤ ਲੋਕਾਂ ਨੂੰ ਸਰਕਾਰੀ ਟੋਲ ਫ੍ਰੀ ਹੈਲਪਲਾਈਨ 104 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਨੰਬਰ 01874-266376 ਅਤੇ 1800-180-1852 ਹੈ।
Get all latest content delivered to your email a few times a month.