ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਖ਼ਾਤਮੇ ਨੂੰ “ਪੰਥਕ ਏਕਤਾ” ਵੱਲ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਟਕਰਾਅ ਕਾਰਨ ਸਿੱਖ ਸੰਗਤਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ, ਪਰ ਹੁਣ ਦੋਵੇਂ ਪਾਸਿਆਂ ਵੱਲੋਂ ਮਿਲ ਬੈਠ ਕੇ ਲਿਆ ਗਿਆ ਫੈਸਲਾ ਸਿੱਖ ਪੰਥ ਲਈ ਰਾਹਤਭਰੀ ਖ਼ਬਰ ਹੈ।
ਜਾਰੀ ਪ੍ਰੈੱਸ ਬਿਆਨ ਵਿੱਚ ਪ੍ਰਧਾਨ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹੋਏ ਇਸ ਸਮਝੌਤੇ ਨੂੰ ਦੂਰਦਰਸ਼ੀ ਅਤੇ ਸੁਝਵਾਂ ਵਾਲਾ ਫੈਸਲਾ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਮੁੰਬਈ ਤੋਂ ਐਸ.ਜੀ.ਪੀ.ਸੀ. ਮੈਂਬਰ ਅਤੇ ਪਟਨਾ ਸਾਹਿਬ ਕਮੇਟੀ ਦੇ ਮੈਂਬਰ ਸ. ਗੁਰਿੰਦਰ ਸਿੰਘ ਬਾਵਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿਵਾਦ ਦੇ ਹੱਲ ਵਿੱਚ ਮੁੱਖ ਯੋਗਦਾਨ ਨਿਭਾਇਆ।
ਐਡਵੋਕੇਟ ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਥਕ ਮਸਲਿਆਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨਾ ਸਿੱਖ ਪਰੰਪਰਾ ਰਹੀ ਹੈ ਅਤੇ ਇਸ ਨਾਲ ਏਕਤਾ ਦੀ ਭਾਵਨਾ ਹੋਰ ਮਜਬੂਤ ਹੁੰਦੀ ਹੈ। ਉਨ੍ਹਾਂ ਸਿੱਖ ਕੌਮ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਕੌਮੀ ਮਾਮਲਿਆਂ ਨੂੰ ਆਪਸੀ ਸਹਿਯੋਗ ਨਾਲ ਹੱਲ ਕੀਤਾ ਜਾਵੇ, ਕਿਉਂਕਿ ਜਦੋਂ ਸੰਸਥਾਵਾਂ ਇੱਕਜੁੱਟ ਹੋ ਕੇ ਕੰਮ ਕਰਦੀਆਂ ਹਨ ਤਾਂ ਚੜ੍ਹਦੀ ਕਲਾ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ।
ਇਸੇ ਸਬੰਧ ਵਿੱਚ ਐਸ.ਜੀ.ਪੀ.ਸੀ. ਮੈਂਬਰ ਗੁਰਿੰਦਰ ਸਿੰਘ ਬਾਵਾ ਨੇ ਕਿਹਾ ਕਿ ਪਟਨਾ ਸਾਹਿਬ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਆਪਸੀ ਸਹਿਯੋਗ ਅਤੇ ਸਮਝਦਾਰੀ ਦਾ ਪ੍ਰਤੀਕ ਹੈ ਅਤੇ ਇਹ ਕੌਮੀ ਸੰਸਥਾਵਾਂ ਲਈ ਪ੍ਰੇਰਣਾਦਾਇਕ ਹੈ।
Get all latest content delivered to your email a few times a month.