IMG-LOGO
ਹੋਮ ਪੰਜਾਬ: ਪੰਜਾਬ ਹੜ੍ਹ ਸਬੰਧੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ...

ਪੰਜਾਬ ਹੜ੍ਹ ਸਬੰਧੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਡਾ. ਬਲਬੀਰ ਸਿੰਘ

Admin User - Aug 17, 2025 07:25 PM
IMG

— ਪ੍ਰਭਾਵਿਤ ਖੇਤਰਾਂ ਵਿੱਚ ਸਮੇਂ ਸਿਰ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ 438 ਆਰ.ਆਰ.ਟੀਜ਼., 323 ਮੋਬਾਈਲ ਮੈਡੀਕਲ ਟੀਮਾਂ ਅਤੇ 172 ਐਂਬੂਲੈਂਸਾਂ ਉਪਲਬਧ: ਸਿਹਤ ਮੰਤਰੀ 

— ਸਿਹਤ ਸਮੱਸਿਆਵਾਂ ਸਬੰਧੀ ਰਿਪੋਰਟ ਕਰਨ ਅਤੇ ਸਹਾਇਤਾ ਲੈਣ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 104 ਡਾਇਲ ਕੀਤਾ ਜਾਵੇ: ਡਾ. ਬਲਬੀਰ ਸਿੰਘ

— 'ਹਰ ਸ਼ੁਕਰਵਾਰ ਡੇਂਗੂ ਤੇ ਵਾਰ' ਮੁਹਿੰਮ ਦੇ ਚੱਲਦਿਆਂ ਪੰਜਾਬ ਵਿੱਚ ਹੁਣ ਤੱਕ ਕੋਈ ਮੌਤ ਨਹੀਂ ਹੋਈ

— ਲੋਕ ਸਿਰਫ਼ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਪੀਣ ਦੀ ਅਪੀਲ


ਚੰਡੀਗੜ੍ਹ, 17 ਅਗਸਤ:

ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੜ੍ਹ ਵਰਗੀਆਂ ਸਥਿਤੀਆਂ ਪ੍ਰਤੀ ਸਰਗਰਮ ਅਤੇ ਤੇਜ਼ੀ ਨਾਲ ਪ੍ਰਤੀਕਿਰਿਆ ਕਰਦਿਆਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਵਿਆਪਕ ਸਿਹਤ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੈੱਟਵਰਕ ਤਿਆਰ ਕੀਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਸਮੇਂ ਸਿਰ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ 438 ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀਜ਼.), 323 ਮੋਬਾਈਲ ਮੈਡੀਕਲ ਟੀਮਾਂ ਅਤੇ 172 ਐਂਬੂਲੈਂਸਾਂ ਨੂੰ ਕਾਰਜਸ਼ੀਲ ਕੀਤਾ ਗਿਆ ਹੈ।

ਪੰਜਾਬ ਭਵਨ ਵਿਖੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਤਰਜੀਹ ਹਰ ਲੋੜਵੰਦ ਵਿਅਕਤੀ ਤੱਕ ਪਹੁੰਚਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਕੋਈ ਵੀ ਮਰੀਜ਼ ਕੋਈ ਵੀ ਡਾਕਟਰੀ ਸਹਾਇਤਾ ਤੋਂ ਬਿਨਾਂ ਨਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਹੜ੍ਹਾਂ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਿਹਤ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 

ਗੁਰਦਾਸਪੁਰ ਵਿਖੇ ਕੀਤੀ ਸਮੇਂ ਸਿਰ ਦਖਲਅੰਦਾਜ਼ੀ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਦੱਸਿਆ ਕਿ ਜਦੋਂ ਪਾਣੀ ਦੇ ਵਧਦੇ ਪੱਧਰ ਕਾਰਨ ਸੱਤ ਪਿੰਡਾਂ ਦਾ ਸੰਪਰਕ ਟੁੱਟ ਗਿਆ ਸੀ, ਤਾਂ ਸਿਹਤ ਵਿਭਾਗ ਨੇ ਕਿਸ਼ਤੀ ਐਂਬੂਲੈਂਸਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਅੱਗੇ ਕਿਹਾ ਕਿ ਇਸ ਤੇਜ਼ ਪ੍ਰਤੀਕਿਰਿਆ ਨਾਲ ਅੱਠ ਗਰਭਵਤੀ ਔਰਤਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਨੇ ਡਾਕਟਰੀ ਨਿਗਰਾਨੀ ਹੇਠ ਸੁਰੱਖਿਅਤ ਢੰਗ ਨਾਲ ਆਪਣੇ ਬੱਚੇ ਨੂੰ ਜਨਮ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਟਾਪੂ ਕਾਲੂ ਵਿੱਚ ਵੀ ਇਸੇ ਤਰ੍ਹਾਂ ਦੇ ਉਪਾਅ ਲਾਗੂ ਕੀਤੇ ਗਏ ਹਨ। 

ਉਹਨਾਂ ਅੱਗੇ ਦੱਸਿਆ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਸਥਾਪਤ ਸਿਹਤ ਕੈਂਪਾਂ ਰਾਹੀਂ ਡਾਕਟਰੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ, ਜਿੱਥੇ 241 ਮਰੀਜ਼ ਪਹਿਲਾਂ ਹੀ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ ਦਸਤ, ਗੈਸਟਰੋਐਂਟਰਾਈਟਿਸ, ਬੁਖਾਰ, ਚਮੜੀ ਦੀ ਐਲਰਜੀ ਅਤੇ ਅੱਖਾਂ ਦੀ ਲਾਗ ਸ਼ਾਮਲ ਹੈ। ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ 2,000 ਤੋਂ ਵੱਧ ਬੈੱਡ ਲਗਾਏ ਗਏ ਹਨ ਅਤੇ ਰਾਜ ਨੇ ਕਿਸੇ ਵੀ ਸੰਭਾਵੀ ਮਹਾਂਮਾਰੀ ਨਾਲ ਨਜਿੱਠਣ ਲਈ ਆਗਾਮੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ।

ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਨਾਗਰਿਕਾਂ ਨੂੰ ਭਰੋਸਾ ਦਿਵਾਉਂਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ, ਪਰ ਫਿਰ ਵੀ  ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਉਹਨਾਂ ਅੱਗੇ ਦੱਸਿਆ ਕਿ ਸਿਹਤ ਸਟਾਫ਼, ਆਸ਼ਾ ਅਤੇ ਪੈਰੀਫਿਰਲ ਸੈਂਟਰਾਂ ਵਿੱਚ ਕਲੋਰੀਨ ਦੀਆਂ ਗੋਲੀਆਂ, ਓਆਰਐਸ ਅਤੇ ਜ਼ਰੂਰੀ ਦਵਾਈਆਂ ਉਪਲਬਧ ਹਨ। ਜੇਕਰ ਕਿਸੇ ਖਾਸ ਖੇਤਰ ਵਿੱਚ ਕੇਸਾਂ ਦੀ ਗਿਣਤੀ ਵੱਧ ਜਾਂਦੀ ਹੈ, ਤਾਂ ਅਸੀਂ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਦੂਜੇ ਅਤੇ ਤੀਜੇ ਦਰਜੇ ਦੇ ਦੇਖਭਾਲ ਹਸਪਤਾਲਾਂ ਨਾਲ ਸੰਪਰਕ ਕੀਤਾ ਹੋਇਆ ਹੈ।

ਉਹਨਾਂ ਨੇ ਲੋਕਾਂ ਨੂੰ ਸਿਹਤ ਸਮੱਸਿਆਵਾਂ ਦੀ ਰਿਪੋਰਟ ਕਰਨ ਅਤੇ ਸਹਾਇਤਾ ਲੈਣ ਲਈ ਸਰਕਾਰ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 104 'ਤੇ ਕਾਲ ਕਰਨ ਲਈ ਕਿਹਾ। ਉਹਨਾਂ ਅੱਗੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਿਰਫ਼ ਉਬਲੇ ਹੋਏ ਜਾਂ ਕਲੋਰੀਨੇਟਡ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਸਿਹਤ ਟੀਮਾਂ ਨੂੰ ਬੇਨਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਬਾਸੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਪੰਜਾਬ ਸਿਹਤ ਵਿਭਾਗ ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸਮੇਤ ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਡਾਕਟਰੀ ਅਤੇ ਬਚਾਅ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਐਸਡੀਆਰਐਫ, ਐਨਡੀਆਰਐਫ, ਫੌਜ, ਆਈਐਮਏ, ਰੈੱਡ ਕਰਾਸ ਅਤੇ ਐਨਜੀਓ ਨਾਲ ਨੇੜਿਓਂ ਤਾਲਮੇਲ ਕਰ ਰਿਹਾ ਹੈ।

ਡਾ. ਬਲਬੀਰ ਸਿੰਘ ਨੇ ਪਿਛਲੇ ਸਾਲ ਸ਼ੁਰੂ ਕੀਤੀ ਗਈ ਪੰਜਾਬ ਦੀ ਚੱਲ ਰਹੀ ਮੁਹਿੰਮ 'ਹਰ ਸ਼ੁਕਰਵਾਰ, ਡੇਂਗੂ ਤੇ ਵਾਰ' ਦੇ ਉਤਸ਼ਾਹਜਨਕ ਨਤੀਜਿਆਂ 'ਤੇ ਵੀ ਚਾਨਣਾ ਪਾਇਆ। ਮੰਤਰੀ ਨੇ ਕਿਹਾ ਕਿ ਹਰ ਸ਼ੁੱਕਰਵਾਰ ਅਸੀਂ ਪੰਚਾਇਤਾਂ ਅਤੇ ਸਥਾਨਕ ਸੰਸਥਾਵਾਂ ਦੀ ਮਦਦ ਨਾਲ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਸਰਗਰਮੀ ਨਾਲ ਖਤਮ ਕਰਦੇ ਹਾਂ। ਇਸ ਸਾਲ 17 ਅਗਸਤ ਤੱਕ, ਪੰਜਾਬ ਵਿੱਚ ਡੇਂਗੂ ਨਾਲ ਕੋਈ ਮੌਤ ਨਹੀਂ ਹੋਈ, ਜਦੋਂ ਕਿ ਪਿਛਲੇ ਸਾਲਾਂ ਵਿੱਚ ਸਾਲਾਨਾ 35-40 ਮੌਤਾਂ ਹੁੰਦੀਆਂ ਸਨ। ਉਹਨਾਂ ਅੱਗੇ ਕਿਹਾ ਕਿ ਡੇਂਗੂ ਦੇ ਮਾਮਲੇ ਕਾਬੂ ਹੇਠ ਹਨ ਅਤੇ ਅਸੀਂ ਤਿੰਨ ਗੁਣਾ ਵਧੀ ਹੋਈ ਦਰ ਨਾਲ ਫਿਊਮੀਗੇਸ਼ਨ, ਲਾਰਵੇ ਦੀ ਨਿਗਰਾਨੀ ਅਤੇ ਟੈਸਟਿੰਗ ਜਾਰੀ ਰੱਖ ਰਹੇ ਹਾਂ।

ਇਸੇ ਤਰ੍ਹਾਂ ਦਸਤ ਦੇ ਪ੍ਰਭਾਵ ਨੂੰ ਵੀ ਕਾਫ਼ੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ, ਇਸ ਸੀਜ਼ਨ ਵਿੱਚ ਸਿਰਫ਼ ਤਿੰਨ ਛੋਟੇ ਮਾਮਲੇ ਹੀ ਰਿਪੋਰਟ ਕੀਤੇ ਗਏ ਹਨ।

ਡਾ. ਬਲਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਪੰਜਾਬ ਭਰ ਵਿੱਚ ਕਿਸੇ ਵੀ ਸਰਕਾਰੀ ਸਿਹਤ ਸਹੂਲਤ ਵਿੱਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਸਾਡੀਆਂ ਟੀਮਾਂ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸਮੇਂ ਕੰਮ ਕਰ ਰਹੀਆਂ ਹਨ ਅਤੇ ਸਾਨੂੰ ਵਿਸ਼ਵਾਸ ਹੈ ਕਿ ਸੂਬਾ ਹੜ੍ਹਾਂ ਕਾਰਨ ਹੋਣ ਵਾਲੀ ਕਿਸੇ ਵੀ ਡਾਕਟਰੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.