ਤਾਜਾ ਖਬਰਾਂ
ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਵਿੱਚ ਇੱਕ ਮਹੱਤਵਪੂਰਨ ਇਤਿਹਾਸਕ ਉਪਲਬਧੀ ਦਰਜ ਕੀਤੀ ਗਈ ਹੈ। ਇੱਥੇ ਆਰਥੋਪੀਡਿਕਸ ਵਿਭਾਗ ਦੇ ਸਲਾਹਕਾਰ ਡਾ. ਅਨੁਭਵ ਸ਼ਰਮਾ ਨੇ 4 ਸਾਲਾ ਬੱਚੇ ਦੇ ਗਿੱਟੇ ਨੇੜੇ ਈਵਿੰਗਜ਼ ਸਰਕੋਮਾ (ਘਾਤਕ ਹੱਡੀਆਂ ਦੇ ਕੈਂਸਰ) ਨਾਲ ਜੂਝਦੇ ਮਰੀਜ਼ ਉੱਤੇ ਇਕ ਬਹੁਤ ਹੀ ਜਟਿਲ ਅਤੇ ਦੁਰਲੱਭ ਸਰਜਰੀ ਸਫਲਤਾਪੂਰਵਕ ਅੰਜਾਮ ਦਿੱਤੀ। ਇਹ ਪਹਿਲੀ ਵਾਰ ਹੈ ਕਿ ਡੀਐਮਸੀਐਚ ਵਿੱਚ ਇਸ ਤਰ੍ਹਾਂ ਦੀ ਸਰਜਰੀ ਕੀਤੀ ਗਈ ਹੈ।
ਮਰੀਜ਼ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਸੀ। ਮਨੁੱਖਤਾ ਦਾ ਉਦਾਹਰਣ ਪੇਸ਼ ਕਰਦੇ ਹੋਏ ਡਾ. ਸ਼ਰਮਾ ਨੇ ਨਾ ਸਿਰਫ਼ ਸਰਜਰੀ ਦੀ ਚੁਣੌਤੀ ਕਬੂਲ ਕੀਤੀ, ਸਗੋਂ ਆਪਣੇ ਦੋਸਤਾਂ ਅਤੇ ਜਾਣੂਆਂ ਰਾਹੀਂ ਵਿੱਤੀ ਸਹਾਇਤਾ ਦਾ ਪ੍ਰਬੰਧ ਕਰਕੇ ਵੀ ਮਰੀਜ਼ ਦੀ ਮਦਦ ਕੀਤੀ।
ਡੀਐਮਸੀਐਚ ਦੇ ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇਹ ਸਫਲਤਾ ਸੰਸਥਾ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਹੱਡੀਆਂ ਦੇ ਕੈਂਸਰ ਦੇ ਇਲਾਜ ਲਈ ਸ੍ਰੇਸ਼ਠ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਹੈ। ਉਨ੍ਹਾਂ ਨੇ ਡਾ. ਸ਼ਰਮਾ ਦੇ ਸਰਜੀਕਲ ਹੁਨਰ, ਹਮਦਰਦੀ ਅਤੇ ਮਨੁੱਖੀ ਮੁੱਲਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਇਸ ਸਫਲ ਪ੍ਰਯਾਸ ਨਾਲ ਨਾ ਸਿਰਫ਼ ਡੀਐਮਸੀਐਚ ਦੀਆਂ ਆਰਥੋਪੀਡਿਕ ਓਨਕੋਲੋਜੀ ਸਮਰੱਥਾਵਾਂ ਦਾ ਪਰਚਮ ਲਹਿਰਾਇਆ ਹੈ, ਸਗੋਂ ਇਹ ਵੀ ਦਰਸਾਇਆ ਹੈ ਕਿ ਇਕ ਸਮਰਪਿਤ ਡਾਕਟਰ ਮਰੀਜ਼ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਬਦਲਾਅ ਲਿਆ ਸਕਦਾ ਹੈ। ਸਰਜਰੀ ਨੇ ਬੱਚੇ ਦਾ ਅੰਗ ਸੁਰੱਖਿਅਤ ਰੱਖਦਿਆਂ ਕੈਂਸਰ ਨੂੰ ਹਟਾਇਆ ਅਤੇ ਉਸਨੂੰ ਆਮ ਜੀਵਨ ਜੀਊਣ ਦਾ ਮੌਕਾ ਦਿੱਤਾ।
ਡਾ. ਅਨੁਭਵ ਸ਼ਰਮਾ ਨੇ ਕਿਹਾ ਕਿ ਡਾਕਟਰੀ ਸਿਰਫ਼ ਗਿਆਨ ਤੇ ਹੁਨਰ ਨਹੀਂ, ਸਗੋਂ ਹਮਦਰਦੀ ਅਤੇ ਮਨੁੱਖੀ ਮੁੱਲਾਂ ਨਾਲ ਭਰੀ ਹੋਈ ਪੇਸ਼ਾ ਹੈ। ਹਰ ਬੱਚਾ ਇੱਕ ਨਵੀਂ ਉਮੀਦ ਦਾ ਹੱਕਦਾਰ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਹ ਕਾਰਨਾਮਾ ਲੁਧਿਆਣਾ ਵਿੱਚ ਸੰਭਵ ਬਣਾਇਆ।
Get all latest content delivered to your email a few times a month.