ਤਾਜਾ ਖਬਰਾਂ
ਚੰਡੀਗੜ੍ਹ, 12 ਅਗਸਤ- ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈ.ਐਸ.ਐਮ.) ਤਹਿਤ ਚਾਰ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚੋਂ ਇੱਕ ਪ੍ਰੋਜੈਕਟ ਐਸ.ਏ.ਐਸ. ਨਗਰ ਵਿੱਚ ਸਥਾਪਿਤ ਕੀਤਾ ਜਾਵੇਗਾ। ਭਾਰਤ ਸਰਕਾਰ ਨੇ ਅੱਜ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ 4600 ਕਰੋੜ ਰੁਪਏ ਦੀ ਲਾਗਤ ਨਾਲ ਸੈਮੀਕੰਡਕਟਰ ਨਿਰਮਾਣ ਯੂਨਿਟਾਂ ਸਥਾਪਤ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਵਿੱਚ ਸਥਿਤ ਕਾਂਟੀਨੈਂਟਲ ਡਿਵਾਈਸ ਇੰਡੀਆ ਪ੍ਰਾਈਵੇਟ ਲਿਮਟਿਡ (ਸੀ.ਡੀ.ਆਈ.ਐਲ.) ਦੀ ਸਹੂਲਤ ਇਹਨਾਂ ਚਾਰ ਨਵੇਂ ਪ੍ਰੋਜੈਕਟਾਂ ਸ਼ਾਮਲ ਹੈ। ਸਾਲ 1964 ਤੋਂ ਭਾਰਤ ਦਾ ਮੋਹਰੀ ਸਿਲੀਕਾਨ ਸੈਮੀਕੰਡਕਟਰ ਨਿਰਮਾਤਾ, ਸੀ.ਡੀ.ਆਈ.ਐਲ. ਸੈਮੀਕੰਡਕਟਰ ਆਪਣੀ ਮੋਹਾਲੀ ਸਹੂਲਤ ਵਿੱਚ ਇੱਕ ਬ੍ਰਾਊਨਫੀਲਡ ਪ੍ਰੋਜੈਕਟ ਨਾਲ ਲਗਾਤਾਰ ਆਪਣਾ ਵਿਸਥਾਰ ਕਰ ਰਹੀ ਹੈ।
ਸ੍ਰੀ ਸੰਜੀਵ ਅਰੋੜਾ ਨੇ ਅੱਗੇ ਦੱਸਿਆ ਕਿ ਕੰਪਨੀ ਵੱਲੋਂ ਪਾਵਰ ਸੈਮੀਕੰਡਕਟਰ ਡਿਵਾਈਸਾਂ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਸਿਲੀਕਾਨ ਅਤੇ ਸਿਲੀਕਾਨ ਕਾਰਬਾਈਡ ਦੋਵਾਂ ਤਕਨਾਲੋਜੀਆਂ ਵਿੱਚ ਹਾਈ-ਪਾਵਰ ਐਮ.ਓ.ਐਸ.ਐਫ.ਈ.ਟੀਜ਼, ਆਈ.ਜੀ.ਬੀ.ਟੀਜ਼, ਸ਼ੌਕਟਕੀ ਬਾਈਪਾਸ ਡਾਇਓਡਸ ਅਤੇ ਟਰਾਂਜ਼ਿਸਟਰਾਂ ਲਈ ਨਿਰਮਾਣ ਲਾਈਨਾਂ ਵਿੱਚ ਵਾਧਾ ਕਰ ਰਹੀ ਹੈ। ਇਸ ਵਿਸਥਾਰ ਨਾਲ ਸਾਲਾਨਾ 158.38 ਮਿਲੀਅਨ ਯੂਨਿਟ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਪਲਾਂਟ ਦੀ ਕੁੱਲ ਸਮਰੱਥਾ ਸਾਲਾਨਾ 750 ਮਿਲੀਅਨ ਡਿਵਾਈਸ ਹੋ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਤਿਆਰ ਕੀਤੇ ਗਏ ਡਿਵਾਈਸ ਈ.ਵੀਜ਼ ਅਤੇ ਚਾਰਜਿੰਗ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ ਪ੍ਰਣਾਲੀਆਂ, ਬਿਜਲੀ ਪਰਿਵਰਤਨ, ਉਦਯੋਗਿਕ ਉਪਕਰਣ ਅਤੇ ਸੰਚਾਰ ਦੇ ਬੁਨਿਆਦੀ ਢਾਂਚਾ ਸਮੇਤ ਵਿਭਿੰਨ ਐਪਲੀਕੇਸ਼ਨਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਉਨ੍ਹਾਂ ਦੱਸਿਆ ਕਿ ਇਹ ਪ੍ਰਸਤਾਵਿਤ ਵਿਸਥਾਰ ਐਸ.ਏ.ਐਸ. ਨਗਰ ਵਿੱਚ ਇਲੈਕਟ੍ਰਾਨਿਕਸ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਘਰੇਲੂ ਚਿੱਪ ਉਤਪਾਦਨ ਵਿੱਚ ਵਾਧਾ ਕਰੇਗਾ ਅਤੇ ਨੌਕਰੀਆਂ ਦੇ ਨਵੇਂ ਮੌਕੇ ਸਿਰਜੇਗਾ। ਇਹ ਪ੍ਰੋਜੈਕਟ ਨਵੀਨਤਾ ਅਤੇ ਤਕਨੀਕੀ ਪ੍ਰਗਤੀ ਲਈ ਉਦਯੋਗ ਅਤੇ ਖੋਜ ਸੰਸਥਾਵਾਂ ਦਰਮਿਆਨ ਭਾਈਵਾਲੀ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
Get all latest content delivered to your email a few times a month.