ਤਾਜਾ ਖਬਰਾਂ
ਚੰਡੀਗੜ੍ਹ, 12 ਅਗਸਤ: ਕਣਕ ਅਤੇ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੇ ਗਏ ਮੰਤਰੀ ਸਮੂਹ ਜਿਸ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ, ਟਰਾਂਸਪੋਰਟ ਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਸ਼ਾਮਲ ਹਨ, ਵੱਲੋਂ ਅੱਜ ਸੂਬੇ ਦੀਆਂ ਮੰਡੀਆਂ ਵਿੱਚ ਲੋਡਿੰਗ (ਢੋਆ-ਢੁਆਈ) ਦਾ ਕੰਮ ਕਰ ਰਹੇ ਪੱਲੇਦਾਰਾਂ ਨਾਲ ਵਿਆਪਕ ਮੀਟਿੰਗ ਕੀਤੀ ਗਈ।
ਇਹ ਦੁਹਰਾਉਂਦਿਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖਰੀਦ ਕਾਰਜਾਂ ਨਾਲ ਜੁੜੇ ਸਾਰੇ ਹਿੱਸੇਦਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਮੰਤਰੀ ਸਮੂਹ ਨੇ ਕਿਹਾ ਕਿ ਪੱਲੇਦਾਰਾਂ ਨੂੰ ਅਗਲੇ ਕਣਕ ਖਰੀਦ ਸੀਜ਼ਨ ਤੋਂ ਪਹਿਲਾਂ ਐਸਓਆਰ ਦਰਾਂ ਵਿੱਚ ਵਾਧਾ ਮਿਲ ਜਾਵੇਗਾ। ਮੰਤਰੀ ਸਮੂਹ ਨੇ ਇਹ ਵੀ ਕਿਹਾ ਕਿ ਟੈਂਡਰ ਦਸਤਾਵੇਜ਼ ਵਿੱਚ ਠੇਕੇਦਾਰਾਂ ਲਈ ਮਜ਼ਦੂਰਾਂ ਦਾ ਜੀਵਨ ਬੀਮਾ ਕਰਵਾਉਣ ਦੀ ਸ਼ਰਤ ਨੂੰ ਸ਼ਾਮਲ ਕਰਨਾ ਵੀ ਲਾਜ਼ਮੀ ਕੀਤਾ ਜਾਵੇਗਾ।
ਪੱਲੇਦਾਰਾਂ ਨੂੰ ਭਰੋਸਾ ਦਿਵਾਉਂਦਿਆਂ ਕਿ ਪੰਜਾਬ ਸਰਕਾਰ ਪੱਲੇਦਾਰਾਂ ਦੀਆਂ ਮੰਗਾਂ ਜਿਵੇਂ ਕਿ ਹਰ ਸਾਲ ਉਨ੍ਹਾਂ ਦੀਆਂ ਉਜਰਤਾਂ ਵਿੱਚ ਵਾਧਾ, ਉਨ੍ਹਾਂ ਨੂੰ ਸਿੱਧਾ ਕੰਮ ਦੇਣਾ ਅਤੇ ਭੁਗਤਾਨ ਕਰਨਾ ਅਤੇ ਠੇਕੇਦਾਰ ਨੂੰ ਵਿਚੋਲੇ ਵਜੋਂ ਹਟਾਉਣਾ, ਦੇ ਸਬੰਧ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਮੰਤਰੀ ਸਮੂਹ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੰਗਾਂ ਕੇਂਦਰ ਸਰਕਾਰ ਅਤੇ ਐਫ.ਸੀ.ਆਈ. ਨਾਲ ਸਬੰਧਤ ਹਨ ਅਤੇ ਰਾਜ ਸਰਕਾਰ ਇਨ੍ਹਾਂ ਮੰਗਾਂ ਨੂੰ ਉਨ੍ਹਾਂ ਕੋਲ ਜ਼ੋਰਦਾਰ ਢੰਗ ਨਾਲ ਉਠਾ ਰਹੀ ਹੈ।
ਮੰਡੀਆਂ ਦੇ ਗੁਦਾਮਾਂ ‘ਚ ਮਜ਼ਦੂਰਾਂ ਲਈ ਬੁਨਿਆਦੀ ਸਫ਼ਾਈ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਸਬੰਧ ਵਿੱਚ ਮੰਤਰੀ ਸਮੂਹ ਨੇ ਕਿਹਾ ਕਿ ਇਸ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਮੰਤਰੀ ਸਮੂਹ ਦਾ ਧੰਨਵਾਦ ਜਤਾਉਂਦਿਆਂ ਪੱਲੇਦਾਰ ਯੂਨੀਅਨਾਂ ਦੇ ਪ੍ਰਤੀਨਿਧੀਆਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਸਕੱਤਰ ਪੰਜਾਬ ਮੰਡੀ ਬੋਰਡ ਰਾਮਵੀਰ, ਵਧੀਕ ਸਕੱਤਰ ਪਨਗਰੇਨ ਕਮਲ ਕੁਮਾਰ ਗਰਗ ਅਤੇ ਵਧੀਕ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਡਾ. ਅੰਜੁਮਨ ਭਾਸਕਰ ਮੌਜੂਦ ਸਨ।
Get all latest content delivered to your email a few times a month.