ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਰਾਜ ਸਰਕਾਰ ਬੱਚਿਆਂ ਦੇ ਹੱਕਾਂ ਅਤੇ ਸੁਰੱਖਿਆ ਲਈ ਗੰਭੀਰ ਤੇ ਵਚਨਬੱਧ ਹੈ। ਇਸੇ ਮਕਸਦ ਨਾਲ ਚਲਾਏ ਜਾ ਰਹੇ 'ਜੀਵਨਜੋਤ 2.0' ਪ੍ਰੋਜੈਕਟ ਦੇ ਤਹਿਤ ਅੱਜ ਰਾਜ ਦੇ 15 ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਰੈਸਕਿਊ ਮੁਹਿੰਮ ਦੌਰਾਨ 20 ਭੀਖ ਮੰਗਦੇ ਬੱਚਿਆਂ ਨੂੰ ਬਚਾਇਆ ਗਿਆ। ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਚਾਏ ਗਏ ਬੱਚਿਆਂ ਦੀ ਕੁੱਲ ਗਿਣਤੀ 169 ਹੋ ਚੁੱਕੀ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਾਂਝੀ ਕੀਤੀ ਗਈ।
ਡਾ. ਕੌਰ ਨੇ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹਾ ਬਾਲ ਸੁਰੱਖਿਆ ਟੀਮਾਂ ਵੱਲੋਂ ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਹੁਸ਼ਿਆਰਪੁਰ, ਜਲੰਧਰ, ਮਾਨਸਾ, ਮਲੇਰਕੋਟਲਾ, ਮੋਗਾ, ਪਟਿਆਲਾ, ਰੂਪਨਗਰ, ਸੰਗਰੂਰ, ਐਸ.ਏ.ਐਸ. ਨਗਰ (ਮੋਹਾਲੀ), ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਵਿੱਚ ਕੁੱਲ 29 ਥਾਵਾਂ 'ਤੇ ਛਾਪੇਮਾਰੀ ਕਰਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਰੈਸਕਿਊ ਦੌਰਾਨ ਕਈ ਥਾਵਾਂ 'ਤੇ ਕੋਈ ਵੀ ਬੱਚਾ ਭੀਖ ਮੰਗਦੇ ਨਹੀਂ ਮਿਲਿਆ, ਜੋ ਸਰਕਾਰੀ ਯਤਨਾਂ ਦੀ ਸਫਲਤਾ ਨੂੰ ਦਰਸਾਉਂਦਾ ਹੈ।
ਅੱਜ ਬਚਾਏ ਗਏ 20 ਬੱਚਿਆਂ ਵਿੱਚੋਂ 9 ਨੂੰ ਦਸਤਾਵੇਜ਼ੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ, ਜਦਕਿ 6 ਬੱਚਿਆਂ ਨੂੰ ਬਾਲ ਘਰਾਂ ਵਿੱਚ ਭੇਜਿਆ ਗਿਆ ਹੈ। 5 ਬੱਚਿਆਂ ਦੀ ਪਛਾਣ ਅਤੇ ਦਸਤਾਵੇਜ਼ੀ ਜਾਂਚ ਹਾਲੇ ਜਾਰੀ ਹੈ। ਡਾ. ਕੌਰ ਨੇ ਇਹ ਵੀ ਸਾਫ ਕੀਤਾ ਕਿ ਕਿਸੇ ਵੀ ਮਾਮਲੇ ਵਿੱਚ ਨਾ ਤਾਂ ਐਫ.ਆਈ.ਆਰ. ਦਰਜ ਹੋਈ ਹੈ ਅਤੇ ਨਾ ਹੀ ਡੀਐਨਏ ਟੈਸਟ ਦੀ ਲੋੜ ਪਈ, ਪਰ ਜੇ ਲੋੜ ਪਈ ਤਾਂ ਡੀਐਨਏ ਟੈਸਟ ਵੀ ਕਰਵਾਇਆ ਜਾਵੇਗਾ।
ਅੰਤ ਵਿੱਚ, ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਭੀਖ ਮੰਗਣ ਤੋਂ ਬੱਚਿਆਂ ਨੂੰ ਰੋਕਣ ਤੱਕ ਸੀਮਤ ਨਹੀਂ, ਸਗੋਂ ਉਹਨਾਂ ਨੂੰ ਮਿਆਰੀ ਸਿੱਖਿਆ, ਚੰਗੇ ਸੰਸਕਾਰ ਅਤੇ ਸਮਾਜ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਬਾਲ ਸੁਰੱਖਿਆ ਟੀਮਾਂ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਕੋਈ ਮਾਪੇ ਚੇਤਾਵਨੀਆਂ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇ ਉਹ ਕਿਸੇ ਬੱਚੇ ਨੂੰ ਭੀਖ ਮੰਗਦੇ ਵੇਖਣ ਤਾਂ ਤੁਰੰਤ 1098 ਚਾਈਲਡ ਹੈਲਪਲਾਈਨ 'ਤੇ ਸੂਚਨਾ ਦੇਣ।
Get all latest content delivered to your email a few times a month.