ਤਾਜਾ ਖਬਰਾਂ
ਡੇਂਗੂ ਵਰਗੀ ਜਾਨਲੇਵਾ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਮਾਰਚ ਮਹੀਨੇ ਤੋਂ ਲਗਾਤਾਰ ਸਰਗਰਮ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ 37 ਟੀਮਾਂ ਦੁਆਰਾ ਘਰ-ਘਰ ਕੰਟੇਨਰ ਜਾਂਚ, ਸਰਵੇ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਮਾਰਚ ਤੋਂ ਹੁਣ ਤਕ 1,88,171 ਘਰਾਂ ਦਾ ਸਰਵੇ ਕੀਤਾ ਗਿਆ ਹੈ, ਜਿਸ ਵਿਚੋਂ 2387 ਘਰਾਂ ਵਿਚ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ ਅਤੇ 363 ਚਾਲਾਨ ਜਾਰੀ ਕੀਤੇ ਗਏ ਹਨ। ਇਸ ਦੌਰਾਨ 5,83,236 ਕੰਟੇਨਰਾਂ ਦੀ ਜਾਂਚ ਹੋਈ, ਜਿਸ ਵਿਚ 2862 ਵਿਚ ਲਾਰਵਾ ਪਾਇਆ ਗਿਆ।
ਸਿਹਤ ਵਿਭਾਗ ਵਲੋਂ ਪਹਿਲੀ ਵਾਰ ਲਾਰਵਾ ਮਿਲਣ 'ਤੇ ਚਿਤਾਵਨੀ ਅਤੇ ਦੂਜੀ ਵਾਰ ਚਾਲਾਨ ਕੀਤਾ ਜਾਂਦਾ ਹੈ। ਉਚ-ਜੋਖਮ ਖੇਤਰਾਂ ਵਿਚ ਸੋਮਵਾਰ ਅਤੇ ਵੀਰਵਾਰ ਨੂੰ ਵਿਸ਼ੇਸ਼ ਸਰਵੇ ਹੋ ਰਹੇ ਹਨ। ਆਸ਼ਾ ਵਰਕਰਾਂ, ਸਿਹਤ ਵਰਕਰਾਂ ਅਤੇ ਬਰੀਡਰ ਚੈਕਰਾਂ ਦੀਆਂ ਟੀਮਾਂ ਵਲੋਂ ਘਰਾਂ ਵਿਚ ਕੂਲਰ, ਫਰਿੱਜ ਦੀ ਟਰੇਅ, ਟੈਂਕੀਆਂ, ਗਮਲੇ, ਪੁਰਾਣੇ ਟਾਇਰ ਅਤੇ ਹੋਰ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਪਾਣੀ ਇਕੱਠਾ ਹੋ ਸਕਦਾ ਹੈ।
ਡਾ. ਜੈਨ ਨੇ ਲੋਕਾਂ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਡੇਂਗੂ ਇਲਾਜਯੋਗ ਹੈ ਅਤੇ ਨਿਜੀ ਜਾਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਮੁਫ਼ਤ ਉਪਲਬਧ ਹੈ। ਡੇਂਗੂ ਦੇ ਲੱਛਣਾਂ ਵਿਚ ਤੇਜ਼ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਨੱਕ, ਮੂੰਹ ਤੋਂ ਖ਼ੂਨ ਆਉਣਾ, ਉਲਟੀ ਆਉਣਾ ਆਦਿ ਸ਼ਾਮਲ ਹਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਘਰ ਅਤੇ ਆਲੇ-ਦੁਆਲੇ ਸਾਫ-ਸੁਥਰਾ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ ‘ਤੇ ਜ਼ੋਰ ਦੇਣ ਤਾਂ ਡੇਂਗੂ ਮੱਛਰ ਪੈਦਾ ਹੀ ਨਹੀਂ ਹੋਵੇਗਾ।
Get all latest content delivered to your email a few times a month.