ਤਾਜਾ ਖਬਰਾਂ
– *ਜਿਸ ਭਾਸ਼ਾ ਵਿੱਚ ਬੋਲਣਗੇ ਮਾਨ, ਉਸੇ ਵਿੱਚ ਜਵਾਬ ਦੇਵੇਗੀ ਪੰਜਾਬ ਭਾਜਪਾ:- ਅਸ਼ਵਨੀ*
ਚੰਡੀਗੜ੍ਹ, 13 ਜੁਲਾਈ
ਸਵਾ ਤਿੰਨ ਸਾਲ ਤੋਂ ਪੰਜਾਬ ਵਿੱਚ ਸਰਕਾਰ ਨਹੀਂ, ਸਰਕਸ ਚਲਾ ਰਹੇ ਨੇ ਮੁੱਖਮੰਤਰੀ ਭਗਵੰਤ ਮਾਨ। ਇਹ ਕਹਿਣਾ ਹੈ ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜਿਨ੍ਹਾਂ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕੌਮੀ ਸਕੱਤਰ ਭਾਜਪਾ ਨਰੇਂਦਰ ਸਿੰਘ ਰੈਨਾ, ਮੈਂਬਰ ਸੰਸਦੀਯ ਬੋਰਡ ਭਾਜਪਾ ਇਕਬਾਲ ਸਿੰਘ ਲਾਲਪੁਰਾ, ਸਾਂਸਦ ਰਾਜਸਭਾ ਸਰਦਾਰ ਸਤਨਾਮ ਸਿੰਘ ਸੰਧੂ, ਸੂਬਾ ਮਹਾਂਮੰਤਰੀ ਸੰਗਠਨ ਮੰਥਰੀ ਸ਼੍ਰੀਨਿਵਾਸ ਸੁਲੂ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਵਿਜੇ ਸੰਪਲਾ, ਸ਼ਵੇਤ ਮਲਿਕ ਅਤੇ ਪ੍ਰਦੇਸ਼ ਭਰ ਤੋਂ ਆਏ ਹਜ਼ਾਰਾਂ ਕਾਰਜਕਰਤਾਵਾਂ ਦੀ ਮੌਜੂਦਗੀ ਵਿੱਚ ਕਾਰਜਕਾਰੀ ਸੂਬਾ ਪ੍ਰਧਾਨ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲੀ।
ਇਸ ਮੌਕੇ 'ਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਤੇ ਸੋਮ ਪ੍ਰਕਾਸ਼, ਸਾਬਕਾ ਡਿਪਟੀ ਸਪੀਕਰ ਲੋਕਸਭਾ ਚਰਨਜੀਤ ਸਿੰਘ ਅਟਵਾਲ, ਸਾਬਕਾ ਘਟ ਗਿਣਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਰਾਏ, ਸਾਬਕਾ ਮੰਤਰੀ ਮਨਪ੍ਰੀਤ ਬਾਦਲ, ਤਿਕਸ਼ਣ ਸੂਦ, ਸੁਰਜੀਤ ਜਯਾਨੀ, ਰਾਣਾ ਗੁਰਮੀਤ ਸਿੰਘ ਸੋਢੀ, ਦੀਨੇਸ਼ ਬੱਬੂ ਦੇ ਨਾਲ-ਨਾਲ ਸਾਬਕਾ ਸਾਂਸਦ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸੀਮਾ ਦੇਵੀ, ਸ਼ੀਤਲ ਅੰਗੁਰਾਲ, ਅਰਵਿੰਦ ਖੰਨਾ, ਫਤਹਿ ਜੰਗ ਬਾਜਵਾ, ਸਰਬਜੀਤ ਸਿੰਘ ਮੱਕੜ, ਅਸ਼ਵਨੀ ਸੇਖੜੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਜਿਸ ਤਰ੍ਹਾਂ ਸਰਕਸ ਵਿੱਚ ਕਰਤਬ ਦਿਖਾ ਕੇ ਕਲਾਕਾਰ ਲੋਕਾਂ ਦਾ ਧਿਆਨ ਉਹਨਾਂ ਦੀਆਂ ਜ਼ਿੰਦਗੀ ਦੀਆਂ ਅਸਲ ਚੁਣੌਤੀਆਂ ਤੋਂ ਭਟਕਾਉਂਦੇ ਨੇ, ਉਸੇ ਤਰ੍ਹਾਂ ਭਗਵੰਤ ਮਾਨ ਪਿਛਲੇ 3 ਸਾਲ 4 ਮਹੀਨਿਆਂ ਤੋਂ ਬੇਵਜਹ ਦੇ ਮੁੱਦੇ ਖੜ੍ਹੇ ਕਰਕੇ ਪੰਜਾਬੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਰਹੇ ਨੇ।
ਬੇਅਦਬੀ 'ਤੇ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਵਾਲੇ ਭਗਵੰਤ ਮਾਨ ਦੱਸਣ ਕਿ 12 ਜਨਵਰੀ 2022 ਨੂੰ ਬੇਅਦਬੀ 'ਤੇ ਅਰਵਿੰਦ ਕੇਜਰੀਵਾਲ ਦੁਆਰਾ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਕਿਸਨੇ ਰੋਕਿਆ? ਜਿਸ ਵਿੱਚ ਕੇਜਰੀਵਾਲ ਨੇ ਕਿਹਾ ਸੀ, "30 ਦਿਨਾਂ ਵਿੱਚ ਬਰਗਾੜੀ ਅਤੇ ਹੋਰ ਬੇਅਦਬੀ ਮਾਮਲਿਆਂ ਵਿੱਚ ਫਾਸਟ ਟ੍ਰੈਕ ਕੋਰਟ ਰਾਹੀਂ ਇਨਸਾਫ਼ ਮਿਲੇਗਾ।"
ਆਮ ਆਦਮੀ ਪਾਰਟੀ ਦਾ ਮੁੱਖ ਚੋਣ ਵਾਅਦਾ ਕਿ "ਸੱਤਾ ਮਿਲਦੇ ਹੀ 30 ਦਿਨਾਂ ਵਿੱਚ ਨਸ਼ਾ ਖ਼ਤਮ ਕਰ ਦੇਣਗੇ" ਦੀ ਨਾਕਾਮਯਾਬੀ ਨੂੰ ਲੁਕਾਉਣ ਲਈ ਸਰਕਸ ਕਰਦਿਆਂ ਮਾਨ ਨੇ "ਯੁੱਧ ਨਸ਼ੇ ਵਿਰੁੱਧ" ਛੇੜ ਕੇ ਲੋਕਾਂ ਦਾ ਧਿਆਨ ਭਟਕਾਇਆ। ਨਸ਼ਾ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛਲੀਆਂ ਨੂੰ ਪਕੜਨ ਦਾ ਵਾਅਦਾ ਕੀਤਾ, ਪਰ ਜਦੋਂ ਰਾਜ ਸਭਾ ਸਾਂਸਦ ਰਾਘਵ ਚੜ੍ਹਾ 'ਤੇ ਆਪ ਪਾਰਟੀ ਦੇ ਵਿਧਾਇਕ ਨੇ ਇਲਜ਼ਾਮ ਲਗਾਏ, ਤਾਂ ਧਿਆਨ ਭਟਕਾਉਣ ਲਈ "ਯੁੱਧ ਨਸ਼ੇ ਵਿਰੁੱਧ" ਛੇੜ ਦਿੱਤਾ।
ਮੁੱਖਮੰਤਰੀ ਭਗਵੰਤ ਮਾਨ ਤੋਂ ਕੋਈ ਏਹ ਨਾ ਪੁੱਛੇ ਕਿ ਪੰਜਾਬ ਵਿਧਾਨਸਭਾ ਵਿੱਚ ਜਿਨ੍ਹਾਂ ਕਾਂਗਰਸ ਦੇ ਚਾਰ ਵੱਡੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਸਬੂਤ ਹੋਣ ਦਾ ਦਾਅਵਾ ਕੀਤਾ ਸੀ, ਉਨ੍ਹਾਂ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਇਸ ਲਈ ਭ੍ਰਿਸ਼ਟਾਚਾਰ 'ਤੇ ਸਰਕਸ ਕੀਤੀ ਜਾ ਰਹੀ ਹੈ।
ਬੀ.ਬੀ.ਐੱਮ.ਬੀ. (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਦੇ ਮੁੱਦੇ 'ਤੇ ਪੰਜਾਬੀ ਇਹ ਨਹੀਂ ਪੁੱਛਣ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ 2550 ਖਾਲੀ ਪਦ ਕਿਉਂ ਨਹੀਂ ਭਰੇ? ਇਸ ਲਈ ਕੇਂਦਰੀ ਸੁਰੱਖਿਆ ਬਲਾਂ (CISF) ਦੀ ਨਿਯੁਕਤੀ ਨੂੰ ਨੀਤੀ ਆਯੋਗ, ਕੈਬਨਿਟ ਮੀਟਿੰਗ, ਵਿਧਾਨਸਭਾ ਵਿੱਚ ਪ੍ਰਸਤਾਵ ਪਾਸ ਕਰਕੇ ਮੁੱਦਾ ਬਣਾਇਆ ਜਾ ਰਿਹਾ ਹੈ। ਬੀ.ਬੀ.ਐੱਮ.ਬੀ. ਦੀ ਬੋਰਡ ਮੀਟਿੰਗ ਵਿੱਚ ਇਤਰਾਜ਼ ਜਤਾ ਕੇ ਹੀ ਸੀ.ਆਈ.ਐੱਸ.ਐੱਫ. ਦੀ ਨਿਯੁਕਤੀ ਰੋਕੀ ਜਾ ਸਕਦੀ ਸੀ।
ਲੈਂਡ ਪੂਲਿੰਗ ਦੇ ਵਿਰੁੱਧ ਪੰਜਾਬ ਭਰ ਵਿੱਚ ਕਿਸਾਨਾਂ ਅਤੇ ਭਾਜਪਾ ਦੁਆਰਾ ਕੀਤੇ ਜਾ ਰਹੇ ਵਿਰੋਧ ਤੋਂ ਧਿਆਨ ਭਟਕਾਉਣ ਲਈ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਕਾਨੂੰਨ-ਵਿਵਸਥਾ ਦੀ ਹਾਲਤ ਪੰਜਾਬ ਵਿੱਚ ਖ਼ਰਾਬ ਹੈ—ਗੈਂਗਸਟਰ ਰਾਜ ਕਰ ਰਹੇ ਨੇ, ਵਪਾਰੀਆਂ ਨੂੰ ਫਿਰੌਤੀਆਂ ਦੀਆਂ ਧਮਕੀਆਂ, ਦਿਨਦਹਾੜੇ ਕਤਲ, ਸੜਕਾਂ - ਗਲੀਆਂ ਚ ਔਰਤਾਂ ਦੇ ਗਹਿਣੇ ਲੁੱਟੇ ਜਾ ਰਹੇ ਨੇ, ਪੁਲਿਸ ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਨੇ, ਫਰਜ਼ੀ ਮੁਕਾਬਲਿਆਂ ਦੇ ਇਲਜ਼ਾਮ ਲੱਗ ਰਹੇ ਨੇ—ਇਹਨਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਰਕਸ ਕੀਤੀ ਜਾ ਰਹੀ ਹੈ।
ਭਗਵੰਤ ਮਾਨ ਇਹ ਭੁੱਲ ਗਏ ਨੇ ਕਿ ਉਹ ਇੱਕ ਸਟੇਜ ਕਲਾਕਾਰ ਨਹੀਂ, ਸਗੋਂ ਪੰਜਾਬ ਦੇ ਸੰਵਿਧਾਨਿਕ ਪਦ 'ਤੇ ਬੈਠੇ ਮੁੱਖਮੰਤਰੀ ਨੇ। ਅਸ਼ਵਨੀ ਨੇ ਆਖਿਰ ਚ ਕਿਹਾ ਕਿ "ਜਿਸ ਭਾਸ਼ਾ ਵਿੱਚ ਭਗਵੰਤ ਮਾਨ ਬੋਲਣਗੇ, ਉਸੇ ਭਾਸ਼ਾ ਵਿੱਚ ਚਾਰ ਗੁਣਾ ਬਧਾ ਕੇ ਪੰਜਾਬ ਭਾਜਪਾ ਸੜਕਾਂ 'ਤੇ ਉਨ੍ਹਾਂ ਨੂੰ ਜਵਾਬ ਦੇਵੇਗੀ।"
Get all latest content delivered to your email a few times a month.