ਤਾਜਾ ਖਬਰਾਂ
ਕਿਹਾ, ਆਮ ਵਰਗਾਂ ਅਤੇ ਕਮਜ਼ੋਰ ਵਰਗਾਂ ਲਈ ਆਉਂਦੇ ਫੰਡਾਂ ਲਈ ਲੋੜਵੰਦ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ
ਸਰਕਾਰ ਵੱਲੋਂ ਚਲਾਈਆਂ ਭਲਾਈ ਸਕੀਮਾਂ ਦਾ ਲਾਭ ਹਰ ਇੱਕ ਲੋੜਵੰਦ ਤੇ ਯੋਗ ਬਿਨੇਕਾਰ ਨੂੰ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਜੁਲਾਈ, 2025:
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨੀ ਕਮੇਟੀ (ਡਿਸਟ੍ਰਿਕਟ ਡਿਵੈਲਪਮੈਂਟ ਕੋਅਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ) ਦੀ ਮੀਟਿੰਗ ਕੋ-ਚੇਅਰਮੈਨ ਮਲਵਿੰਦਰ ਸਿੰਘ ਕੰਗ (ਮੈਂਬਰ, ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕਾ) ਵੱਲੋਂ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ।
ਮੈਂਬਰ ਲੋਕ ਸਭਾ, ਮਲਵਿੰਦਰ ਸਿੰਘ ਕੰਗ ਵੱਲੋਂ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਆਮ ਵਰਗਾਂ ਅਤੇ ਕਮਜ਼ੋਰ ਵਰਗਾਂ ਲਈ ਆਉਂਦੇ ਫੰਡਾਂ ਨੂੰ ਦਿਆਨਤਦਾਰੀ/ਇਮਾਨਦਾਰੀ ਨਾਲ ਵਰਤਣ ਅਤੇ ਲੋੜਵੰਦ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਜਾਣੂੰ ਕਰਾਉਣ ਦੀ ਅਪੀਲ ਕੀਤੀ ਗਈ। ਅੱਜ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਐਮ ਪੀ ਲੋਕਲ ਫ਼ੰਡ ਅਤੇ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਤਾਂ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਚਲਾਈਆ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਰਕਾਰੀ ਭਲਾਈ ਸਕੀਮਾਂ ਦੀ ਜ਼ਰੂਰਤ ਮੰਦ ਅਤੇ ਯੋਗ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਲਈ ਸਾਡਾ ਰਵੱਈਆ ਹਾਂ-ਪੱਖੀ ਅਤੇ ਮਾਨਵਤਾ ਭਰਪੂਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਅਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਬੇਹਤਰੀ ਲਈ ਰਾਜ ਅਤੇ ਕੇਂਦਰ ਪੱਧਰ ’ਤੇ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣ। ਬਹੁਤ ਸਾਰੀਆਂ ਯੋਜਨਾਵਾਂ ਜਿਵੇਂ ਕਿ ਮਨਰੇਗਾ, ਆਯੂਸ਼ਮਾਨ ਸਿਹਤ ਬੀਮਾ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਯੋਜਨਾ, ਮੁਫ਼ਤ ਕਣਕ, ਆਂਗਨਵਾੜੀ ਕੇਂਦਰਾਂ ਰਾਹੀਂ ਗਰਭਵਤੀ, ਨਵ-ਜਨਮੇ ਬੱਚਿਆਂ ਦੀ ਮਾਂਵਾਂ, ਕਿਸ਼ੋਰ ਲੜਕੀਆਂ, 0 ਤੋਂ 6 ਸਾਲ ਦੇ ਬੱਚਿਆਂ ਲਈ ਪੋਸ਼ਕ ਖੁਰਾਕ ਯੋਜਨਾਵਾਂ, ਸਿਹਤ ਵਿਭਾਗ ਨਾਲ ਸਬੰਧਤ ਟੀਕਾਕਰਣ ਤੇ ਹੋਰ ਸੁਵਿਧਾਵਾ, ਮਿਡ ਡੇ ਮੀਲ, ਸਕੂਲੀ ਢਾਂਚੇ ਦਾ ਅਪਗ੍ਰੇਡੇਸ਼ਨ ਆਦਿ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਕੁੱਝ ਵਿੱਚ ਰਾਜ ਸਰਕਾਰਾਂ ਦਾ ਵੀ ਮਾਲੀ ਹਿੱਸਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੀਆਂ ਇਹ ਭਲਾਈ ਸਕੀਮਾਂ ਤਾਂ ਹੀ ਸਫਲ ਮੰਨੀਆਂ ਜਾਣਗੀਆ, ਜੇਕਰ ਇੰਨਾਂ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚੇਗਾ। ਉਨ੍ਹਾਂ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ ਡੇ ਮੀਲ ਦੀ ਕੁਆਲਿਟੀ ਵਿਸੇਸ਼ ਤੌਰ ਤੇ ਚੈੱਕ ਕਰਨ ਤੇ ਜ਼ੋਰ ਦਿੱਤਾ।
ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਵੱਖ- ਵੱਖ ਅਧਿਕਾਰੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਮੀਟਿੰਗ ਦਾ ਮੰਤਵ ਮਹਿਜ਼ ਅੰਕੜਿਆਂ ਦੀ ਪ੍ਰਗਤੀ ਨਾ ਹੋ ਕੇ ਜ਼ਮੀਨੀ ਪੱਧਰ ’ਤੇ ਇਨ੍ਹਾਂ ਲੋੜਵੰਦ ਲੋਕਾਂ ਦੀ ਭਲਾਈ ਦੀ ਸਮੀਖਿਆ ਕਰਨਾ ਹੁੰਦਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ‘ਟੀਮ ਵਰਕ’ ਕਰਨ ਦੀ ਲੋੜ ਹੈ।
ਮੀਟਿੰਗ ਦੌਰਾਨ ਹਲਕਾ ਵਿਧਾਇਕ ਡੇਰਾਬਸੀ, ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬਸੀ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆਂ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਡੇਰਾਬਸੀ ਵਿਖੇ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਰਿਹਾ। ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ ਅਤੇ ਪਾਣੀ ਜ਼ਹਿਰੀਲਾ ਵੀ ਹੈ। ਇਸ ਦਾ ਕਾਰਨ ਫਸਲਾਂ ਨੂੰ ਪਾਈਆਂ ਜਾਣ ਵਾਲੀਆਂ ਕੀਟਨਾਸ਼ਕ ਦਿਵਾਈਆਂ ਅਤੇ ਡੇਰਾਬਸੀ ਦੀ ਇੰਡਸਟਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੇਰਾਬਸੀ ਹਲਕੇ ਦਾ ਪਾਣੀ ਫਸਲਾਂ ਲਈ ਵੀ ਠੀਕ ਨਹੀਂ ਹੈ, ਫਸਲਾਂ ਵੀ ਸੁੱਕ ਰਹੀਆਂ ਹਨ। ਉਨ੍ਹਾਂ ਵੱਲੋਂ ਭਵਿੱਖ ਬਾਰੇ ਚਿੰਤਾ ਜਿਤਾਉਂਦੇ ਹੋਏ ਪੀਣ ਵਾਲੇ ਪਾਣੀ ਦਾ ਢੁੱਕਵਾਂ ਹੱਲ ਲੱਭਣ ਦੀ ਅਪੀਲ ਕੀਤੀ ਅਤੇ ਹਰ ਇੱਕ ਮਨੁੱਖ ਨੂੰ ਇੱਕ ਰੁੱਖ ਲਗਾਉਣ ਲਈ ਕਿਹਾ।
ਐਮ.ਪੀ. ਮਾਲਵਿੰਦਰ ਸਿੰਘ ਕੰਗ ਨੇ ਪਿੰਡਾਂ ਦੇ ਕਲੱਸਟਰ ਬਣਾ ਕੇ ਉਨ੍ਹਾਂ ਨੂੰ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਾਸਤੇ ਸਸਤੇ ਰੇਟਾਂ ’ਤੇ ਥਾਂ ਮੁਹੱਈਆ ਕਰਵਾਉਣ ਲਈ ਕਮਿਊਨਿਟੀ ਸੈਂਟਰ ਅਧਾਰਿਤ ਛੋਟੇ ਮੈਰਿਜ ਪੈਲੇਸ ਬਣਾਉਣ ’ਤੇ ਵੀ ਜ਼ੋਰ ਦਿੱਤਾ, ਜਿਸ ਲਈ ਉਨ੍ਹਾਂ ਐਮ.ਪੀ ਲੈਡ ਫੰਡ ’ਚੋਂ ਗ੍ਰਾਂਟ ਦੇਣ ਦੀ ਇੱਛਾ ਵੀ ਜਤਾਈ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਜ਼ਿਲ੍ਹੇ ਵਿਚਲੀਆਂ ਟੁੱਟੀਆਂ ਜਾਂ ਬਣਨਯੋਗ ਸੜ੍ਹਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜ੍ਹਕ ਯੋਜਨਾ ਜਾਂ ਹੋਰ ਕੇਂਦਰੀ ਸੜ੍ਹਕ ਯੋਜਨਾਵਾਂ ਤਹਿਤ ਲਿਆ ਕੇ ਕੇਂਦਰੀ ਫੰਡਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਖਿਆ। ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਗਾਰਡਨ ਜਿੰਮ, ਖੇਡ ਮੈਦਾਨ, ਲਾਇਬ੍ਰੇਰੀ, ਸਟਰੀਟ ਲਾਇਟਾਂ ਆਦਿ ਦਾ ਕੰਮ ਜਲਦ ਪੂਰਾ ਕਰਨ ਲਈ ਕਿਹਾ। ਉਨ੍ਹਾਂ ਵਲੋਂ ਮੀਟਿੰਗ ਵਿੱਚ ਸੋਲਿਡ ਵੇਸਟ, ਦੇ ਨਿਪਟਾਰੇ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਮੈਂਬਰ ਲੋਕ ਸਭਾ, ਮਲਵਿੰਦਰ ਸਿੰਘ ਕੰਗ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ’ਚ ਕੇਂਦਰੀ ਗਰਾਂਟਾਂ ਅਤੇ ਐਮ ਪੀ ਸਥਾਨਕ ਏਰੀਆ ਵਿਕਾਸ ਗ੍ਰਾਂਟਾਂ ਦਾ ਲਾਭ ਪੂਰੀ ਤਰ੍ਹਾਂ ਯੋਗ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਮੀਟਿੰਗ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਵੱਲੋਂ ਸ਼ਹਿਰ ਵਿੱਚ ਸਾਫ ਸਫਾਈ, ਨਜ਼ਾਇਜ਼ ਰੇਹੜ੍ਹੀਆਂ ਫੜ੍ਹੀਆਂ/ ਨਜਾਇਜ਼ ਕਬਜ਼ਿਆਂ ਦਾ ਢੁੱਕਵਾਂ ਹੱਲ ਲੱਭਣ ਲਈ ਸੁਝਾਅ ਪੇਸ਼ ਕੀਤਾ।
ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਅਧਿਕਾਰੀਆਂ ਵਿੱਚ ਏ.ਡੀ.ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ (ਪੇਡੂ ਵਿਕਾਸ) ਸੋਨਮ ਚੌਧਰੀ, ਕਮਿਸ਼ਨਰ ਨਗਰ ਨਿਗਮ ਪਰਮਿੰਦਰਪਾਲ ਸਿੰਘ, ਸੀਨੀਅਰ ਕਪਤਾਨ ਪੁਲਿਸ, ਦੀਪਿਕਾ ਐਸ ਸੇਖੋਂ, ਐਸ. ਡੀ.ਐਮ, ਡੇਰਾਬਸੀ ਅਮਿਤ ਗੁਪਤਾ, ਡਾ. ਹਰਮਨਦੀਪ ਕੌਰ ਬਰਾੜ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ ਭਾਰਦਵਾਜ, ਡੀ.ਈ.ਓ ਡਾ. ਗਿੰਨੀ ਦੁੱਗਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਿਖਿਲ ਅਰੋੜਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਮ੍ਰਿਤ ਬਾਲਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Get all latest content delivered to your email a few times a month.