ਤਾਜਾ ਖਬਰਾਂ
ਬਾਬਾ ਫ਼ਰੀਦ ਜੀ ਦੀ ਚਰਨ ਧਰਤੀ ਫ਼ਰੀਦਕੋਟ ਦੇ ਨੌਜਵਾਨ ਲੜਕੇ-ਲੜਕੀਆਂ ਸਿੱਖਿਆ ਅਤੇ ਖੇਡਾਂ ਦੇ ਮੈਦਾਨ ’ਚ ਨਿਤ ਨਵੇਂ ਇਤਿਹਾਸ ਰਚ ਰਹੇ ਹਨ। ਹਾਲ ਹੀ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਕਲਾਂ ਦੇ ਤਿੰਨ ਨੌਜਵਾਨਾਂ ਨੇ ਕਿਰਗਿਸਤਾਨ ਵਿਖੇ ਹੋਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਆਪਣੀ ਕਾਬਲਿਆਤ ਸਾਬਤ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਗਮੇ ਆਪਣੇ ਨਾਮ ਕਰ ਲਏ ਹਨ। ਇਨ੍ਹਾਂ ਨੇ ਨਾ ਸਿਰਫ਼ ਆਪਣੇ ਜ਼ਿਲ੍ਹੇ, ਸਗੋਂ ਸਾਰੇ ਪੰਜਾਬ ਦਾ ਮਾਣ ਵਧਾਇਆ ਹੈ।
ਇਹ ਪ੍ਰਤਿਯੋਗਤਾ ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫੈੱਡਰੇਸ਼ਨ ਵੱਲੋਂ ਕਰਵਾਈ ਗਈ ਸੀ, ਜਿਸ ਵਿੱਚ ਪੰਜਾਬ ਦੇ ਪੰਜ ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚੋ ਫਰੀਦਕੋਟ ਦੇ ਤਿੰਨ ਨੌਜਵਾਨ ਇੱਕੋ ਪਿੰਡ ਪੰਜਗਰਾਈਂ ਕਲਾਂ ਦੇ ਹਨ, ਜਿਨ੍ਹਾਂ ਦੀ ਜਿੱਤ ਨਾਲ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਲੱਡੂ ਵੰਡ ਕੇ, ਫੁੱਲਾਂ ਦੇ ਹਾਰ ਪਾ ਕੇ ਅਤੇ ਖੁੱਲੀ ਜੀਪ ਰਾਹੀਂ ਪਿੰਡ ਚੱਕਰ ਲਵਾ ਕੇ ਨੌਜਵਾਨਾਂ ਦਾ ਜੋਸ਼ ਨਾਲ ਸਵਾਗਤ ਕੀਤਾ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਵਾਹਿਗੁਰੂ ਦਾ ਧੰਨਵਾਦ ਵੀ ਕੀਤਾ ਗਿਆ।
ਇਨ੍ਹਾਂ ਤਿੰਨਾਂ ਵਿੱਚੋਂ ਇਕ ਨੌਜਵਾਨ ਨੇ 305 ਕਿੱਲੋ ਵਜ਼ਨ ਚੁੱਕ ਕੇ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ, ਜੋ ਪਹਿਲਾਂ ਅਮਰੀਕਾ ਦੇ ਖਿਡਾਰੀ ਦੇ ਨਾਂ ਸੀ। ਇਹ ਉਪਲਬਧੀ ਨਾ ਸਿਰਫ਼ ਪਿੰਡ, ਸਗੋਂ ਦੇਸ਼ ਲਈ ਵੀ ਮਾਣ ਵਾਲੀ ਗੱਲ ਹੈ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਨੇ ਤਿੰਨਾਂ ਨੌਜਵਾਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨੌਜਵਾਨਾਂ ਨੂੰ ਉੱਚ ਪੱਧਰੀ ਮੌਕੇ ਦੇਣ।
ਇਸ ਮੌਕੇ ਉਪਸਥਿਤ ਕੋਚ ਵਰਿੰਦਰ ਸਿੰਘ ਮਣਕੂ, ਤੀਰਕਰਨ ਸਿੰਘ ਅਤੇ ਅਕਾਸ਼ਦੀਪ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਨੌਜਵਾਨ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ, ਉਹਨਾਂ ਨੂੰ ਨੌਕਰੀ ਅਤੇ ਹੋਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਚੰਗੀ ਸਿਹਤ ਵਾਲਾ ਜੀਵਨ ਜੀ ਸਕਣ ਅਤੇ ਪੰਜਾਬ ਦਾ ਨਾਂ ਹੋਰ ਰੋਸ਼ਨ ਕਰ ਸਕਣ।
Get all latest content delivered to your email a few times a month.