ਤਾਜਾ ਖਬਰਾਂ
ਮਾਲੇਰਕੋਟਲਾ 04 ਜੁਲਾਈ (ਭੁਪਿੰਦਰ ਗਿੱਲ) ਸਾਊਦੀ ਅਰਬ ਗਏ ਹੱਜ ਯਾਤਰੀਆਂ ਦੀ ਜਿੱਥੇ ਹੁਣ ਵਾਪਸੀ ਸ਼ੁਰੂ ਹੋ ਗਈ ਹੈ, ਉੱਥੇ ਹੀ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਟੇਟ ਹੱਜ ਕਮੇਟੀ ਦੀ ਅਗਵਾਈ ‘ਚ ਮੁਸਲਿਮ ਧਰਮ ਦੀ ਪਵਿੱਤਰ ਹੱਜ ਯਾਤਰਾ 2025 ਲਈ ਪੰਜਾਬ ਭਰ ਤੋਂ ਗਏ ਕੁੱਲ 310 ਹੱਜ ਯਾਤਰੀਆਂ ‘ਚੋਂ 272 ਹੱਜ ਯਾਤਰੀਆਂ ਦਾ ਪਹਿਲਾ ਵੱਡਾ ਜਥਾ ਅੱਜ ਸਵੇਰੇ ਦਿੱਲੀ ਏਅਰਪੋਰਟ ਪੁੱਜਿਆ। ਹਾਜੀਆਂ ਨੂੰ ਲੈਣ ਲਈ ਭਾਰੀ ਸੰਖਿਆ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਦਿੱਲੀ ਏਅਰਪੋਰਟ ਪੁੱਜੇ। ਜਿੱਥੇ ਹਾਜ਼ੀਆਂ ਦਾ ਫੁੱਲਾਂ ਦੀਆਂ ਮਾਲਾਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਹਾਜ਼ੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਚਿਹਰੇ 'ਤੇ ਹੱਜ ਯਾਤਰਾ ਪੂਰੀ ਕਰਕੇ ਘਰ ਵਾਪਸ ਆਉਣ ਦੀ ਖੁਸ਼ੀ ਝਲਕ ਰਹੀ ਸੀ।
ਮਦੀਨਾ ਏਅਰਪੋਰਟ ਤੋਂ ਪੰਜਾਬ ਦੇ ਹਾਜੀਆਂ ਦੀ ਪਹਿਲੀ ਉਡਾਣ ਸ਼ੁੱਕਰਵਾਰ ਰਾਤ ਕਰੀਬ 2:00 ਵਜੇ ਰਵਾਨਾ ਹੋਈ ਸੀ ਅਤੇ ਆਪਣੇ ਨਿਰਧਾਰਿਤ ਸਮੇਂ ਸ਼ੁੱਕਰਵਾਰ ਸਵੇਰ ਕਰੀਬ 9:50 ਵਜੇ ਦਿੱਲੀ ਏਅਰਪੋਰਟ ਤੇ ਪਹੁੰਚੀ। ਕਰੀਬ 11:30 ਵਜੇ ਹਾਜੀਆਂ ਨੂੰ ਹੱਜ ਕਮੇਟੀ ਦੇ ਵਲੰਟੀਅਰਾਂ ਨੇ ਉਨ੍ਹਾਂ ਦੇ ਸਮਾਨ ਸਮੇਤ ਏਅਰਪੋਰਟ ਤੋਂ ਬਾਹਰ ਲਿਆਏ। ਇਸ ਦੌਰਾਨ ਹਾਜੀਆਂ ਨੇ ਚੰਗੇ ਪ੍ਰਬੰਧਾਂ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਮਾਲੇਰਕੋਟਲਾ ਦੇ ਹਾਜੀ ਮੁਹੰਮਦ ਯੂਨਸ ਬਖਸ਼ੀ, ਮਨਜ਼ੂਰ ਅਹਿਮਦ ਚੌਹਾਨ, ਮੁਹੰਮਦ ਅਲੀ, ਪ੍ਰੋ.ਮਨਜ਼ੂਰ ਹਸਨ ਆਦਿ ਹਾਜੀਆਂ ਨੇ ਕਿਹਾ ਕਿ ਉਨ੍ਹਾਂ ਨੇ ਹੱਜ ਦੌਰਾਨ ਅੱਲ੍ਹਾ ਦੇ ਘਰ ‘ਚ ਪੰਜਾਬ ਅਤੇ ਦੇਸ਼ ‘ਚ ਅਮਨ-ਸ਼ਾਂਤੀ ਦੀ ਦੁਆ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਵਧੀਆ ਪ੍ਰਬੰਧ ਕੀਤੇ ਸਨ। ਸਾਊਦੀ ਸਰਕਾਰ ਨੇ ਵੀ ਹਾਜੀਆਂ ਲਈ ਚੰਗੇ ਪ੍ਰਬੰਧ ਕੀਤੇ ਸਨ। ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਸਮੂਹ ਹਾਜੀਆਂ ਨੇ ਦੁਨੀਆਂ ‘ਚ ਭਾਈਚਾਰੇ ਅਤੇ ਅਮਨ ਸ਼ਾਂਤੀ ਬਣੇ ਰਹਿਣ ਲਈ ਦੁਆ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਪਨਾ ਸੀ ਕਿ ਅੱਲ੍ਹਾ ਦਾ ਘਰ ਦੇਖੀਏ ਅਤੇ ਅੱਲ੍ਹਾ ਨੇ ਸਾਡੀ ਸੁਣੀ ਹੈ, ਸਾਨੂੰ ਅੱਲ੍ਹਾ ਦਾ ਘਰ ਦੇਖਣਾ ਨਸੀਬ ਹੋਇਆ ਹੈ। ਕਿਸੇ ਕਿਸਮ ਦੀ ਸਫਰ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਈ।
ਹਾਜੀਆਂ ਦੀ ਅਗਵਾਈ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੀ ਰਹਿਨੁਮਾਈ ਹੇਠ ਹਾਜੀ ਸਾਹਿਬਾਨਾਂ ਦੀ ਸਹਾਇਤਾ ਲਈ ਸਾਉਦੀ ਅਰਬ ਗਏ ਮਾਸਟਰ ਮੁਹੰਮਦ ਸ਼ਫੀਕ, ਡਾਕਟਰ ਮੁਹੰਮਦ ਮਸ਼ਰੂਫ ਤੇ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਪੰਜਾਬ ਭਰ ਤੋਂ ਗਏ ਕੁੱਲ 310 ਹੱਜ ਯਾਤਰੀਆਂ ਚੋਂ ਅੱਜ ਪਹਿਲੀ ਫਲਾਈਟ ਰਾਹੀਂ 272 ਹਾਜੀ ਆਏ ਹਨ, ਜਦਕਿ ਪੰਜਾਬ ਦੇ ਬਾਕੀ ਰਹਿੰਦੇ 35 ਹੱਜ ਯਾਤਰੀਆਂ ਦੀ ਦੂਜੀ ਫਲਾਈਟ 09 ਜੁਲਾਈ 2025 ਨੂੰ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਇੱਕ ਮਹਿਲਾ ਹੱਜ ਯਾਤਰੀ ਅਤੇ ਇੱਕ ਮੀਆਂ-ਬੀਬੀ ਜੋੜਾ ਲੰਘੇ ਦਿਨੀਂ ਪੰਜਾਬ ਪਹੰੁਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਤੋਂ ਇਸ ਵਾਰ ਗਏ ਕੁੱਲ 310 ਹੱਜ ਯਾਤਰੀਆਂ ‘ਚ 164 ਮਰਦ ਅਤੇ 146 ਔਰਤਾਂ ਸ਼ਾਮਲ ਸਨ। ਵਰਣਨਯੋਗ ਹੈ ਕਿ ਪੰਜਾਬ ਤੋਂ 23 ਮਈ ਨੂੰ ਹੱਜ ਯਾਤਰੀਆਂ ਦੀ ਪਹਿਲੀ ਫਲਾਈਟ ਦਿੱਲੀ ਏਅਰਪੋਰਟ ਤੋਂ ਸਾਊਦੀ ਅਰਬ ਗਈ ਸੀ। ਕਰੀਬ 40 ਦਿਨਾਂ ‘ਚ ਹੱਜ ਦਾ ਸਫਰ ਪੂਰਾ ਹੁੰਦਾ ਹੈ। ਈਦ ਉਲ ਅਜਹਾ (ਬੱਕਰਾ ਈਦ) ਤੇ ਹੱਜ ਪੂਰਾ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ।
Get all latest content delivered to your email a few times a month.