ਤਾਜਾ ਖਬਰਾਂ
ਚੰਡੀਗੜ੍ਹ, 3 ਜੁਲਾਈ-
ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਿਹਤਰ ਜੀਵਨ ਨਿਰਵਾਹ ਲਈ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਸਿਵਲ ਸਕੱਤਰੇਤ ਵਿਖੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਮੰਤਰੀ ਨੇ ਪੈਸਕੋ ਦੇ ਕੰਮਕਾਜੀ ਢਾਂਚੇ, ਵਿੱਤੀ ਸਥਿਤੀ ਅਤੇ ਕਰਮਚਾਰੀ ਭਲਾਈ ਉਪਾਵਾਂ ਦਾ ਮੁਲਾਂਕਣ ਕੀਤਾ। ਇਹ ਵਿਚਾਰ-ਵਟਾਂਦਰੇ ਮੁੱਖ ਤੌਰ ਤੇ ਪੈਸਕੋ ਰਾਹੀਂ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਮੌਕੇ ਵਧਾਉਣ ਉੱਤੇ ਕੇਂਦਰਿਤ ਰਿਹਾ।
ਪੈਸਕੋ ਦੇ ਪ੍ਰਬੰਧ ਨਿਰਦੇਸ਼ਕ, ਮੇਜਰ ਜਨਰਲ ਹਰਮਨਦੀਪ ਸਿੰਘ (ਸੇਵਾਮੁਕਤ), ਅਤੇ ਜਨਰਲ ਮੈਨੇਜਰ (ਸੁਰੱਖਿਆ), ਐਸ.ਪੀ ਸਿੰਘ ਨੇ ਮੰਤਰੀ ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਇਆ। ਮੀਟਿੰਗ ਦੌਰਾਨ ਤਿੰਨ ਮਹੀਨਿਆਂ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ ਗਈ। ਮੁੱਖ ਵਿਸਿ਼ਆਂ ਵਿੱਚ ਸੁਰੱਖਿਆ ਗਾਰਡਾਂ ਦਾ ਤਨਖਾਹ ਢਾਂਚਾ, ਵਿਸ਼ੇਸ਼ ਸ਼੍ਰੇਣੀ ਅਧੀਨ ਉਨ੍ਹਾਂ ਦੀਆਂ ਤਨਖਾਹਾਂ ਵਧਾਉਣ ਦੇ ਪ੍ਰਸਤਾਵ ਅਤੇ ਵੱਖ-ਵੱਖ ਭੂਮਿਕਾਵਾਂ ਵਿੱਚ ਸਾਬਕਾ ਸੈਨਿਕਾਂ ਲਈ ਸੁਚਾਰੂ ਨਿਯੁਕਤੀ ਪ੍ਰਕਿਰਿਆ ਸ਼ਾਮਲ ਸੀ।
ਮੰਤਰੀ ਮੋਹਿੰਦਰ ਭਗਤ ਨੇ ਸਾਬਕਾ ਸੈਨਿਕਾਂ ਦੀ ਭਲਾਈ ਵਿੱਚ ਪੈਸਕੋ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਵਿੱਤੀ ਮਸਲਿਆਂ ਨੂੰ ਹੱਲ ਕਰਨ, ਸਾਬਕਾ ਸੈਨਿਕਾਂ ਲਈ ਸੇਵਾਵਾਂ ਵਿੱਚ ਉਮਰ ਸੀਮਾ ਵਧਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।
ਕਾਰਜਾਂ ਦਾ ਜ਼ਮੀਨੀ ਪੱਧਰ ਤੇ ਹੋਰ ਮੁਲਾਂਕਣ ਕਰਨ ਲਈ, ਮੰਤਰੀ ਨੇ ਨੇੜਲੇ ਭਵਿੱਖ ਵਿੱਚ ਪੈਸਕੋ ਸਹੂਲਤਾਂ ਦਾ ਦੌਰਾ ਕਰਨ ਦਾ ਇਰਾਦਾ ਵੀ ਜ਼ਾਹਰ ਕੀਤਾ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸ਼ਾਨ ਅਤੇ ਬਿਹਤਰੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Get all latest content delivered to your email a few times a month.