ਤਾਜਾ ਖਬਰਾਂ
ਅੰਮ੍ਰਿਤਸਰ, 29 ਜੂਨ- ਪਿੰਡ ਤਨੇਲ ਨਾਲ ਸਬੰਧਤ ਮੁਲਜ਼ਮ ਸੋਨੀ ਸਿੰਘ ਉਰਫ ਸੋਨੂ, ਜਿਸ ਦੇ ਖਿਲਾਫ ਪਹਿਲਾਂ ਤੋਂ ਹੀ ਤਿੰਨ ਅਪਰਾਧਿਕ ਮਾਮਲੇ ਦਰਜ ਸਨ, ਨੇ ਹਾਲ ਹੀ ਵਿੱਚ ਇੱਕ ਡਾਕਟਰ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਜਦੋਂ ਡਾਕਟਰ ਨੇ ਫਿਰੌਤੀ ਦੇਣ ਤੋਂ ਇਨਕਾਰ ਕੀਤਾ, ਤਾਂ ਸੋਨੀ ਨੇ ਉਸ ਦੀ ਦੁਕਾਨ ਦੇ ਬਾਹਰ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਸਬੰਧੀ ਥਾਣਾ ਮੱਤੇਵਾਲ 'ਚ ਮਾਮਲਾ ਦਰਜ ਹੋਇਆ ਸੀ।
25 ਜੂਨ ਨੂੰ ਪੁਲਿਸ ਨੇ ਸੋਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ 32 ਬੋਰ ਦੀ ਪਿਸਤੌਲ ਅਤੇ ਲਗਭਗ 262 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ। ਪੁਲਿਸ ਅਧਿਕਾਰੀ ਐਸਪੀ ਅਦਿੱਤਿਆ ਵਾਇਰਰ ਨੇ ਦੱਸਿਆ ਕਿ ਸੋਨੀ ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਜਮਾਨਤ 'ਤੇ ਰਿਹਾ ਹੋਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅੱਜ ਸ਼ਾਮ ਪਿੰਡ ਚੰਨਣ ਕੇ ਦੀ ਡਰੇਨ 'ਤੇ ਲਿਆਂਦਾ ਗਿਆ ਸੀ, ਜਿੱਥੇ ਉਸ ਨੇ ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲਿਸ 'ਤੇ ਗੋਲੀ ਚਲਾਈ।
ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ, ਜਿਸ ਦੌਰਾਨ ਸੋਨੀ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ। ਉਸ ਨੂੰ ਫੌਰੀ ਤੌਰ 'ਤੇ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ, ਮੁਲਜ਼ਮ ਵੱਲੋਂ ਮੁੜ ਜੁਰਮ ਦੀ ਕੋਸ਼ਿਸ਼ ਕਰਨਾ ਇਹ ਦਰਸਾਉਂਦਾ ਹੈ ਕਿ ਉਹ ਕਿੰਨਾ ਖਤਰਨਾਕ ਹੈ, ਅਤੇ ਅਜਿਹਾ ਵਿਅਕਤੀ ਸਮਾਜ ਲਈ ਵੱਡਾ ਖਤਰਾ ਬਣ ਸਕਦਾ ਸੀ।
Get all latest content delivered to your email a few times a month.