ਤਾਜਾ ਖਬਰਾਂ
ਬਰਨਾਲਾ, 29 ਜੂਨ 2025: ਬਰਨਾਲਾ ਦੇ ਪਿੰਡ ਭੈਣੀ ਜੱਸਾ ਨਾਲ ਸਬੰਧਤ ਇੱਕ ਦਰਦਨਾਕ ਖ਼ਬਰ ਸਾਹਮਣੀ ਆਈ ਹੈ। ਪਿੰਡ ਦਾ 24 ਸਾਲਾ ਨੌਜਵਾਨ ਅਰਸ਼ਦੀਪ ਸਿੰਘ, ਜੋ ਕਿ ਲਗਭਗ ਡੇਢ ਸਾਲ ਪਹਿਲਾਂ ਸਟਡੀ ਵੀਜ਼ਾ 'ਤੇ ਕਨੇਡਾ ਗਿਆ ਸੀ, ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਅਚਾਨਕ ਮੌਤ ਹੋ ਗਈ। ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਸਪਸ਼ਟ ਜਾਣਕਾਰੀ ਸਾਹਮਣੀ ਨਹੀਂ ਆਈ, ਜਿਸ ਕਾਰਨ ਪਰਿਵਾਰ ਨਾਲ ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।
ਅਰਸ਼ਦੀਪ ਦੇ ਪਰਿਵਾਰਕ ਮੈਂਬਰਾਂ ਦੀ ਹਾਲਤ ਬਹੁਤ ਹੀ ਦਰਦਨਾਕ ਹੈ। ਮਾਤਾ-ਪਿਤਾ, ਦਾਦੀ-ਨਾਨੀ ਅਤੇ ਹੋਰ ਰਿਸ਼ਤੇਦਾਰ ਆਪਣੇ ਲਾਡਲੇ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਉਹ ਸਿਰਫ਼ ਇੱਕ ਵਾਰ ਉਸਦਾ ਚਿਹਰਾ ਵੇਖਣਾ ਚਾਹੁੰਦੇ ਹਨ ਅਤੇ ਆਪਣੀ ਧਰਤੀ 'ਤੇ ਉਸਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ।
ਮ੍ਰਿਤਕ ਦੇ ਪਿਤਾ ਜੋ ਕਿ ਫੌਜ ਤੋਂ ਰਿਟਾਇਰਡ ਹਨ ਅਤੇ ਇਸ ਸਮੇਂ ਪਟਵਾਰੀ ਵਜੋਂ ਡਿਊਟੀ ਕਰ ਰਹੇ ਹਨ, ਨੇ ਦੱਸਿਆ ਕਿ ਪਰਿਵਾਰ ਦੀ ਆਮਦਨ ਠੀਕ ਸੀ ਅਤੇ ਕੋਈ ਵੱਡੀ ਮੁਸ਼ਕਲ ਨਹੀਂ ਸੀ। ਪਰ ਇਹ ਅਚਾਨਕ ਘਟਨਾ ਉਹਨਾਂ ਲਈ ਮਨੁੱਖੀ ਸਹਿਨਸ਼ੀਲਤਾ ਦੀ ਹੱਦ ਤੋਂ ਪਰੇ ਹੈ। ਪਰਿਵਾਰ ਨੇ ਕਨੇਡਾ, ਭਾਰਤ ਅਤੇ ਪੰਜਾਬ ਦੀ ਸਰਕਾਰ ਕੋਲ ਬੇਨਤੀ ਕੀਤੀ ਹੈ ਕਿ ਅਰਸ਼ਦੀਪ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਭਾਰਤ ਭੇਜਣ ਦੀ ਵਿਵਸਥਾ ਕੀਤੀ ਜਾਵੇ।
ਮ੍ਰਿਤਕ ਦੇ ਭਰਾ ਸੁਖਦੇਵ ਸਿੰਘ, ਦਾਦੀ ਚਰਨਜੀਤ ਕੌਰ, ਨਾਨੀ ਸਤਿੰਦਰਜੀਤ ਕੌਰ ਅਤੇ ਮਾਮਾ ਕਿਰਪਾਲ ਸਿੰਘ ਭੁੱਲਰ ਨੇ ਵੀ ਸਰਕਾਰਾਂ ਕੋਲ ਅਪੀਲ ਕੀਤੀ ਕਿ ਇਸ ਦੁਖੀ ਸਮੇਂ ਵਿੱਚ ਪਰਿਵਾਰ ਦੀ ਸਹਾਇਤਾ ਕਰੀ ਜਾਵੇ। ਉਨ੍ਹਾਂ ਨੇ ਆਸ ਜਤਾਈ ਕਿ ਸਰਕਾਰੀ ਪੱਧਰ 'ਤੇ ਜਲਦੀ ਕਾਰਵਾਈ ਕਰਕੇ ਲਾਸ਼ ਵਾਪਸ ਭੇਜਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ।
ਇਸ ਘਟਨਾ ਨੇ ਪਿੰਡ ਭੈਣੀ ਜੱਸਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਵੀ ਸਰਕਾਰਾਂ ਕੋਲ ਅਪੀਲ ਕਰਦਿਆਂ ਕਿਹਾ ਕਿ ਪੰਜ ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਲਾਸ਼ ਕਨੇਡਾ ਵਿੱਚ ਹੀ ਹੈ। ਇਹ ਪੂਰੇ ਪਿੰਡ ਲਈ ਦੁਖ ਦਾ ਵੱਡਾ ਕਾਰਨ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਹਸਤਖੇਪ ਕਰੇ।
Get all latest content delivered to your email a few times a month.