ਤਾਜਾ ਖਬਰਾਂ
ਹੁਸ਼ਿਆਰਪੁਰ, 25 ਜੂਨ 2025 - ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਮੁਹੱਲਾ ਬਹਾਦੁਰਪੁਰ ’ਚ ਪੰਜ ਪਿੱਪਲੀ ਮੰਦਰ ਕੋਲ ਇੱਕ ਨਸ਼ਾ ਤਸਕਰ ਵੱਲੋਂ ਕੀਤੀ ਗਈ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਇਹ ਉਸਾਰੀ ਮਨਦੀਪ ਸਿੰਘ ਉਰਫ਼ ਮਨੂੰ ਵੱਲੋਂ ਕਰਵਾਈ ਗਈ ਸੀ, ਜੋ ਕਿ ਨਸ਼ਾ ਕਾਰੋਬਾਰ ਨਾਲ ਸਬੰਧਤ ਹੈ ਅਤੇ ਜਿਸ ਖਿਲਾਫ਼ 9 ਐਫ.ਆਈ.ਆਰਜ਼ ਦਰਜ ਹਨ। ਇਸ ਸਮੇਂ ਮਨਦੀਪ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਵਿਰੁੱਧ ਦਰਜ ਜ਼ਿਆਦਾਤਰ ਮਾਮਲੇ ਐਨ.ਡੀ.ਪੀ.ਐਸ ਐਕਟ ਅਧੀਨ ਹਨ। ਨਗਰ ਨਿਗਮ ਵੱਲੋਂ ਪੁਲਿਸ ਸਹਾਇਤਾ ਮੰਗੇ ਜਾਣ ’ਤੇ ਇਹ ਕਾਰਵਾਈ ਕੀਤੀ ਗਈ।
ਹੁਸ਼ਿਆਰਪੁਰ ਦੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਸ਼ਿਆਂ ਅਤੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਮੁਹਿੰਮ ਅਜੇ ਹੋਰ ਤੇਜ਼ੀ ਨਾਲ ਚਲਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਅਜਿਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵਿਅਕਤੀ ਨਸ਼ਾ ਤਸਕਰੀ ਕਰ ਰਹੇ ਹਨ, ਉਹ ਜਾਂ ਤਾਂ ਆਪਣੀ ਗਤੀਵਿਧੀ ਛੱਡ ਕੇ ਸਧਾਰਨ ਜੀਵਨ ਅਪਣਾਉਣ ਜਾਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ। ਲੋਕਾਂ ਵੱਲੋਂ ਇਸ ਤਾਜ਼ਾ ਕਾਰਵਾਈ ਦਾ ਖੁੱਲ੍ਹ ਕੇ ਸਵਾਗਤ ਕੀਤਾ ਗਿਆ ਅਤੇ ਸਰਕਾਰ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਗਈ।
Get all latest content delivered to your email a few times a month.