ਤਾਜਾ ਖਬਰਾਂ
ਪਟਿਆਲਾ, 23 ਜੂਨ- ਭਾਰਤੀ ਫ਼ੌਜ ਵੱਲੋਂ ਚਲਾਏ ਜਾ ਰਹੇ 'ਆਪਰੇਸ਼ਨ ਸਿੰਦੂਰ' ਤਹਿਤ ਆਰਮੀ ਕੰਟੋਨਮੈਂਟ, ਪਟਿਆਲਾ ਵਿਚ ਸਿਵਲ ਡਿਫੈਂਸ ਟੀਮ ਵੱਲੋਂ ਹਵਾਈ ਹਮਲੇ ਦੌਰਾਨ ਸੁਰੱਖਿਆ ਸਬੰਧੀ ਮੌਕ ਡਰਿੱਲ ਦੀ ਪ੍ਰਸਤੁਤੀ ਦਿੱਤੀ ਗਈ। ਇਸ ਦੌਰਾਨ ਫ਼ੌਜ ਵਿਚ ਰਹਿ ਰਹੇ ਸੈਨਿਕਾਂ ਦੇ ਪਰਿਵਾਰਾਂ ਨੂੰ ਐਮਰਜੈਂਸੀ ਹਾਲਾਤਾਂ ’ਚ ਆਪਣੀ ਅਤੇ ਹੋਰਨਾਂ ਦੀ ਰੱਖਿਆ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਟ੍ਰੇਨਿੰਗ ਪ੍ਰਦਰਸ਼ਨ ਦੌਰਾਨ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਸੰਜੀਵ ਕਾਲੜਾ ਨੂੰ ਭਾਰਤੀ ਫ਼ੌਜ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਫ਼ੌਜ ਦੀ ਮਹਿਲਾ ਅਧਿਕਾਰੀ ਵੱਲੋਂ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਭੇਟ ਕਰਕੇ ਉਨ੍ਹਾਂ ਦੇ ਯੋਗਦਾਨ ਦੀ ਸਾਰਥਕ ਸਵੀਕਾਰਤਾ ਦਿੱਤੀ ਗਈ।
ਇਸ ਮੌਕੇ ਉਪਸਥਿਤ ਹੋਮ ਗਾਰਡਜ਼ ਦੇ ਡਿਪਟੀ ਕਮਾਂਡੈਂਟ ਜਨਰਲ ਹਰਮਨਜੀਤ ਸਿੰਘ ਅਤੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਨੇ ਵੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਫੌਜ ਦੀ ਮਹਿਲਾ ਅਧਿਕਾਰੀ ਨੇ ਕਿਹਾ ਕਿ ਇਹ ਟ੍ਰੇਨਿੰਗ ਸਿਰਫ਼ ਵਰਤਮਾਨ ਹਾਲਾਤਾਂ ਲਈ ਹੀ ਨਹੀਂ, ਸਗੋਂ ਭਵਿੱਖ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਆਸ ਜਤਾਈ ਕਿ ਅਜਿਹੀ ਟ੍ਰੇਨਿੰਗ ਆਉਣ ਵਾਲੇ ਸਮੇਂ ਵਿਚ ਵੀ ਆਰਮੀ ਕੰਟੋਨਮੈਂਟ ਵਿੱਚ ਆਯੋਜਿਤ ਕੀਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਨੇ ਇਸ ਤੋਂ ਪਹਿਲਾਂ 'ਓਪ੍ਰੇਸ਼ਨ ਸ਼ੀਲਡ' ਦੌਰਾਨ ਵੀ ਫ਼ੌਜ ਦੇ ਨਾਲ ਤਾਲਮੇਲ ਕਰਕੇ ਨਾਗਰਿਕ ਸੁਰੱਖਿਆ ਟ੍ਰੇਨਿੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਸਪੈਸ਼ਲ ਡੀ.ਜੀ.ਪੀ. ਸੰਜੀਵ ਕਾਲੜਾ ਨੇ ਫੌਜੀ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਹੋਮ ਗਾਰਡਜ਼ ਵੱਲੋਂ ਫ਼ੌਜ ਦੇ ਨਾਲ ਏਸੇ ਤਰ੍ਹਾਂ ਦੀ ਸਾਂਝ ਤੇ ਸਹਿਯੋਗ ਜਾਰੀ ਰੱਖਣ ਦੀ ਗੱਲ ਦੁਹਰਾਈ।
Get all latest content delivered to your email a few times a month.